ਮੁਹਾਲੀ: ਪੰਜਾਬ ਪੁਲਿਸ ਦੀ ਮੁਹਾਲੀ ਸਥਿਤ ਇੰਟੈਲੀਜੈਂਸ ਵਿੰਗ ਦੇ ਹੈਡਕੁਆਟਰ ’ਤੇ ਸੋਮਵਾਰ ਦੇਰ ਰਾਤ ਹਮਲਾ ਹੋਇਆ ਹੈ। ਇਸ ਨਾਲ ਦਫਤਰ ਦੇ ਸ਼ੀਸ਼ੇ ਟੁੱਟ ਗਏ। ਇਸ ਹਮਲੇ ਤੋਂ ਗ੍ਰੇਨੇਡ ਜਾਂ ਰਾਕੇਟ ਹਮਲੇ ਦੇ ਖਦਸ਼ਾ ਜਤਾਇਆ ਜਾ ਰਿਹਾ ਹੈ।
ਕਦੋਂ ਹੋਇਆ ਧਮਾਕਾ : ਮੁਹਾਲੀ ਦੇ ਸੈਕਟਰ-77 ਸਥਿਤ ਇੰਟੈਲੀਜੈਂਸ ਦਫਤਰ ਦੀ ਕੀ ਬਿਲਡਿੰਗ ਦੀ ਤੀਜੀ ਮੰਜ਼ਿਲ 'ਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਕਿਹਾ ਜਾਂਦਾ ਹੈ ਕਿ ਆਰਪੀਜੀ (ਰਾਕੇਟ ਪ੍ਰੋਪੈਨਲ ਗ੍ਰੇਨੇਡ) ਡਿੱਗਿਆ ਅਤੇ ਇਸ ਨੇ ਧਮਾਕੇ ਵਰਗੀ ਆਵਾਜ਼ ਕੀਤੀ। ਧਮਾਕਾ ਸ਼ਾਮ ਕਰੀਬ 7.45 ਵਜੇ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਗ੍ਰਨੇਡ ਨਹੀਂ ਫਟਿਆ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਅਤੇ ਪੂਰੇ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਗ੍ਰਨੇਡ ਹਮਲੇ ਕਾਰਨ ਇਮਾਰਤ ਦੀ ਤੀਜੀ ਮੰਜ਼ਿਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਕੰਧ ਵੀ ਨੁਕਸਾਨੀ ਗਈ। ਘਟਨਾ ਤੋਂ ਬਾਅਦ ਪੰਜਾਬ ਪੁਲਿਸ ਦੇ ਨਾਲ-ਨਾਲ ਚੰਡੀਗੜ੍ਹ ਪੁਲਿਸ ਦੀਆਂ ਕਵਿੱਕ ਐਕਸ਼ਨ ਟੀਮਾਂ ਵੀ ਮਦਦ ਲਈ ਮੋਹਾਲੀ ਪਹੁੰਚ ਰਹੀਆਂ ਹਨ, ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।
ਮੋਹਾਲੀ ਐਸਪੀ ਦਾ ਬਿਆਨ- ਮਾਈਨਰ ਅਟੈਕ ਹੋਇਆ ...:ਮੁਹਾਲੀ ਦੇ ਐਸਪੀ (ਹੈੱਡਕੁਆਰਟਰ) ਰਵਿੰਦਰ ਪਾਲ ਸਿੰਘ ਨੇ ਕਿਹਾ ਹੈ ਕਿ ਇੰਟੈਲੀਜੈਂਸ ਹੈੱਡ ਕੁਆਰਟਰ ਦੀ ਇਮਾਰਤ ’ਤੇ ਮਾਮੂਲੀ ਹਮਲਾ ਹੋਇਆ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਖਿੜਕੀ ਟੁੱਟੀ ਹੋਈ ਹੈ ਪਰ ਅੰਦਰੋਂ ਕੋਈ ਨੁਕਸਾਨ ਨਹੀਂ ਹੋਇਆ। ਰੋਡ ਤੋਂ ਹਮਲਾ ਹੋਇਆ ਸੀ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਤੇ ਖੁਫੀਆ ਵਿਭਾਗ ਦੇ ਸਾਰੇ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਪੁਲਿਸ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਕੀ ਇਹ ਅੱਤਵਾਦੀ ਹਮਲਾ ਸੀ ਤਾਂ ਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
CM ਭਗਵੰਤ ਮਾਨ ਨੇ ਡੀਜੀਪੀ ਤੋਂ ਮੰਗੀ ਰਿਪੋਰਟ : ਧਮਾਕੇ ਤੋਂ ਬਾਅਦ ਮੁਹਾਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਡੀਜੀਪੀ ਤੋਂ ਪੂਰੀ ਘਟਨਾ ਦੀ ਰਿਪੋਰਟ ਮੰਗੀ ਹੈ। ਪੂਰੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਗ੍ਰਨੇਡ ਫਟ ਜਾਂਦਾ ਤਾਂ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਸੀ ਅਤੇ ਆਲੇ-ਦੁਆਲੇ ਨੂੰ ਵੀ ਕਾਫੀ ਨੁਕਸਾਨ ਹੋ ਸਕਦਾ ਸੀ।