ਸ਼ਰਾਬ ਘੁਟਾਲੇ 'ਚ ED ਦੀ ਦਿੱਲੀ 'ਚ ਕਾਰਵਾਈ ਦਾ ਪੰਜਾਬ ਪੁੱਜਿਆ ਸੇਕ ਚੰਡੀਗੜ੍ਹ: ਬੀਤੇ ਦਿਨੀਂ ਦਿੱਲੀ 'ਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਈਡੀ ਵਲੋਂ ਛਾਪੇਮਾਰੀ ਕਰਕੇ ਦੇਰ ਸ਼ਾਮ ਗ੍ਰਿਫ਼ਤਾਰੀ ਕੀਤੀ ਗਈ ਸੀ, ਜਿਸ ਦਾ ਕਿ ਆਪ ਵਰਕਰਾਂ ਵਲੋਂ ਮੌਕੇ 'ਤੇ ਵਿਰੋਧ ਵੀ ਕੀਤਾ ਗਿਆ ਸੀ ਤੇ ਨਾਲ ਹੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਇਸ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੱਤਾ ਸੀ।
ਪੰਜਾਬ 'ਚ 'ਆਪ' ਵਲੋਂ ਭਾਜਪਾ ਦਫ਼ਤਰ ਦਾ ਘਿਰਾਓ:ਇਸ ਗ੍ਰਿਫ਼ਤਾਰੀ ਦਾ ਸੇਕ ਪੰਜਾਬ 'ਚ ਵੀ ਪੁੱਜਿਆ, ਜਿਥੇ ਸੂਬੇ ਭਰ ਤੋਂ ਇਕੱਠੇ ਹੋਏ ਆਪ ਵਰਕਰਾਂ ਵਲੋਂ ਚੰਡੀਗੜ੍ਹ ਦੇ ਸੈਕਟਰ 37 'ਚ ਪ੍ਰਦਰਸ਼ਨ ਕਰਦਿਆਂ ਭਾਜਪਾ ਦੇ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿੰਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਵਲੋਂ ਬੈਰੀਗੇਡ ਕਰਕੇ ਰੋਕਿਆ ਗਿਆ। ਇਸ ਦੌਰਾਨ ਪੁਲਿਸ ਵਲੋਂ ਕਈ ਆਪ ਵਰਕਰਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਅਤੇ ਨਾਲ ਹੀ ਕਈ ਪੁਲਿਸ ਮੁਲਾਜ਼ਮ ਵੀ ਇਸ 'ਚ ਜ਼ਖ਼ਮੀ ਹੋਏ ਹਨ।
ਪੁਲਿਸ ਨੇ ਪਾਣੀਆਂ ਦੀ ਮਾਰੀਆਂ ਬੁਛਾੜਾਂ: ਇਸ ਦੌਰਾਨ ਜਦੋਂ ਵਰਕਰਾਂ ਵਲੋਂ ਬੈਰੀਗੇਡ ਤੋੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਵਲੋਂ ਪਾਣੀ ਦੀਆਂ ਬੁਛਾੜਾਂ ਮਾਰ ਕੇ 'ਆਪ' ਵਰਕਰਾਂ ਨੂੰ ਪਿੱਛੇ ਧੱਕਿਆ ਗਿਆ ਤੇ ਨਾਲ ਹੀ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ। ਇਸ ਧਰਨੇ ਪ੍ਰਦਰਸ਼ਨ ਦੌਰਾਨ ਆਪ ਵਰਕਰਾਂ ਵਲੋਂ ਕੇਂਦਰ ਸਰਕਾਰ ਅਤੇ ਈਡੀ ਦਾ ਪੁਤਲਾ ਵੀ ਸਾੜਿਆ ਗਿਆ ਤੇ ਨਾਲ ਹੀ ਆਪ ਸਾਂਸਦ ਸੰਜੇ ਸਿੰਘ ਦੀ ਰਿਹਾਈ ਦੀ ਮੰਗ ਵੀ ਕੀਤੀ ਗਈ।
ਪਹਿਲਾਂ ਵੀ ਸ਼ਰਾਬ ਘੁਟਾਲੇ 'ਚ ਦੋ ਗ੍ਰਿਫ਼ਤਾਰੀਆਂ: ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸ਼ਰਾਬ ਘੁਟਾਲੇ 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਕਈ ਮਹੀਨਿਆਂ ਤੋਂ ਜੇਲ੍ਹ 'ਚ ਬੰਦ ਹਨ ਅਤੇ ਨਾਲ ਹੀ ਦਿੱਲੀ ਦੇ ਸਿਹਤ ਮੰਤਰੀ ਰਹੇ ਸਤੇਂਦਰ ਜੈਨ ਦੀ ਵੀ ਉਸ ਤੋਂ ਪਹਿਲਾਂ ਗ੍ਰਿਫ਼ਤਾਰੀ ਹੋਈ ਸੀ, ਜਿਸ ਨੂੰ ਕੁਝ ਸਮਾਂ ਪਹਿਲਾਂ ਸਿਹਤ ਦੇ ਚੱਲਦਿਆਂ ਅਦਾਲਤ ਵਲੋਂ ਕੁਝ ਦਿਨਾਂ ਲਈ ਪੈਰੋਲ ਵੀ ਮਿਲੀ ਸੀ।