AAP ਸਰਕਾਰ ਖਿਲਾਫ਼ ਕਾਂਗਰਸ ਦਾ ਰੋਸ ਪ੍ਰਦਰਸ਼ਨ ਚੰਡੀਗੜ੍ਹ: ਪੰਜਾਬ ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ਵਿਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉੁਹਨਾਂ ਨੇ ਆਪ ਸਰਕਾਰ ਦੇ ਖ਼ਿਲਾਫ਼ ਰੱਜ ਕੇ ਆਪਣੀ ਭੜਾਸ ਕੱਢੀ। ਇਸ ਪ੍ਰਦਰਸ਼ਨ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਨੂੰ ਹਿਟਲਰ ਤੱਕ ਕਰਾਰ ਦੇ ਦਿੱਤਾ ਅਤੇ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਦੱਸਿਆ।
"ਧਰਨਾ ਮੁਕਤ ਸਰਕਾਰ ਹੋਵੇਗੀ": ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਧਰਨਾ ਪ੍ਰਦਰਸ਼ਨ ਦੌਰਾਨ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਧਰਨਾ ਮੁਕਤ ਸਰਕਾਰ ਹੋਵੇਗੀ ਪਰ ਪੰਜਾਬ ਵਿਚ ਅਜਿਹੀ ਕੋਈ ਥਾਂ ਨਹੀਂ ਜਿਥੇ ਧਰਨੇ ਪ੍ਰਦਰਸ਼ਨ ਨਾ ਹੋ ਰਹੇ ਹੋਣ। ਅੱਜ ਕਿਸਾਨਾਂ ਲਈ ਪੰਜਾਬ ਪੁਲਿਸ ਨੇ ਚੰਡੀਗੜ੍ਹ ਦੇ ਸਾਰੇ ਰਸਤੇ ਬੰਦ ਕੀਤੇ ਹੋਏ ਹਨ। ਅੱਜ ਤੋਂ 100 ਸਾਲ ਪਹਿਲਾਂ ਇਕ ਸਾਈਮਨ ਕਮਿਸ਼ਨ ਵੀ ਇਸੇ ਤਰ੍ਹਾਂ ਪੰਜਾਬ ਵਿਚ ਆਇਆ ਸੀ ਉਸਦੀ ਵਿਰੋਧਤਾ ਕਰਦੇ ਹੋਏ ਲਾਲਾ ਲਾਜਪਤ ਰਾਏ ਸ਼ਹੀਦ ਹੋਏ। ਉਹ ਭਾਰਤ ਅਤੇ ਪੰਜਾਬ ਦੇ ਇਤਿਹਾਸ ਦਾ ਅਗਲਾ ਮੋੜ ਸੀ, ਇਸ ਤੋਂ ਬਾਅਦ ਦੇਸ਼ ਅਜ਼ਾਦ ਹੋਇਆ। ਉਨ੍ਹਾਂ ਕਿਹਾ ਕਿ ਅਜਿਹੇ ਫਰਜ਼ੀ ਇਨਕਲਾਬੀਆਂ ਕੋਲੋਂ ਪੰਜਾਬ ਨੂੰ ਅਜ਼ਾਦ ਕਰਵਾਉਣ ਦਾ ਵਕਤ ਆ ਗਿਆ ਹੈ।
"ਸਭ ਤੋਂ ਜ਼ਿਆਦਾ ਮਦਦ ਕਿਸਾਨ ਯੂਨੀਅਨਾਂ ਨੇ ਕੀਤੀ": ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਦੀ ਸਭ ਤੋਂ ਜ਼ਿਆਦਾ ਮਦਦ ਕਿਸਾਨ ਯੂਨੀਅਨਾਂ ਨੇ ਕੀਤੀ ਸੀ ਕਿਉਂਕਿ ਇਹਨਾਂ ਨੇ ਪਿੰਡਾਂ ਦੀਆਂ ਸੱਥਾਂ ਅਤੇ ਸ਼ਹਿਰਾਂ ਵਿਚੋਂ ਸਰਕਾਰ ਚਲਾਉਣ ਦਾ ਵਾਅਦਾ ਕੀਤਾ ਸੀ। ਡੇਢ ਸਾਲ ਦੇ ਵਿਚ ਹੀ ਲੋਕਾਂ ਦੇ ਸਾਹਮਣੇ ਨਤੀਜਾ ਆ ਗਿਆ ਹੈ ਕਿ ਮੁੱਖ ਮੰਤਰੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹੈ, ਮੁੱਖ ਮੰਤਰੀ ਨੂੰ ਰੱਬ ਭੁੱਲ ਗਿਆ ਹੈ। ਅਕਾਲੀ ਦਲ ਤੇ ਨਿਸ਼ਾਨਾ ਸਾਧਦਿਆਂ ਬਾਜਵਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਕ ਜਮਾਤ 25 ਸਾਲ ਰਾਜ ਕਰਨ ਦਾ ਦਾਅਵਾ ਕਰਦੀ ਸੀ ਤੇ 10 ਸਾਲ ਉਹਨਾਂ ਨੂੰ ਸਿਆਸਤ ਤੋਂ ਬਾਹਰ ਰਹਿੰਦੇ ਹੋ ਗਏ ਅਤੇ 15 ਤੋਂ 20 ਸਾਲ ਉਹਨਾਂ ਦੀ ਵਾਰੀ ਨਹੀਂ ਆਉਣੀ। ਆਪ ਸਰਕਾਰ ਵੀ ਉਸੇ ਗਲਤ ਫਹਿਮੀ ਦਾ ਸ਼ਿਕਾਰ ਹੈ।
ਰਾਜਾ ਵੜਿੰਗ ਦੀ ਕੀਤੀ ਤਾਰੀਫ਼: ਉਹਨਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਕਾਂਗਰਸ ਹੀ ਇਕ ਅਜਿਹੀ ਜਮਾਤ ਹੈ ਜੋ ਲੋਕ ਮੁੱਦਿਆਂ ਲਈ ਵੱਡੇ ਪ੍ਰਦਰਸ਼ਨ ਕਰਦੀ ਹੈ। ਲੋਕ ਆਮ ਆਦਮੀ ਪਾਰਟੀ ਤੋਂ ਇਸ ਕਦਰ ਨਿਰਾਸ਼ ਹਨ ਕਿ ਉਹ ਸੰਜੀਦਾ ਲੀਡਰਸ਼ਿਪ ਦੀ ਤਲਾਸ਼ ਕਰ ਰਹੇ ਹਨ। ਲੋਕ ਲੋੜ ਮਹਿਸੂਸ ਕਰ ਰਹੇ ਹਨ ਕਿ ਪੰਜਾਬ ਵਿਚ ਅਜਿਹੀ ਲੀਡਰਸ਼ਿਪ ਹੋਵੇ ਜੋ ਪੰਜਾਬ ਨੂੰ ਔਖੀ ਘੜੀ ਵਿਚੋਂ ਕੱਢ ਸਕੇ। ਅੱਤਵਾਦ ਆਉਣ ਤੋਂ ਪਹਿਲਾਂ ਪੰਜਾਬ ਨੰਬਰ 1 ਸੂਬਾ ਸੀ, ਪ੍ਰਤਾਪ ਸਿੰਘ ਕੇਰੋਂ ਦੀ ਰਹਿਨੁਮਾਈ ਵਿਚ ਪੰਜਾਬ ਵਿਕਾਸ ਦੀਆਂ ਪਲਾਂਘਾ ਪੁੱਟ ਰਿਹਾ ਸੀ।