ਚੰਡੀਗੜ੍ਹ: ਪੰਜਾਬ ਰਾਜ ਗਵਰਨਰ ਹਾਊਸ ਦੇ ਵੀਵੀਆਈਪੀ ਗੈਸਟ ਹਾਊਸ ਵਿਖੇ ਮੰਤਰੀ ਮੰਡਲ ਦੀ ਬੈਠਕ ਹੋਈ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਜਨਤਕ ਮੰਚਾਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗ਼ਾਵਤ ਕੀਤੇ ਜਾਣ ਵਿਰੁੱਧ ਲੀਡਰਸ਼ਿਪ ਨੇ ਕਾਰਵਾਈ ਦੀ ਮੰਗ ਕੀਤੀ ਗਈ।
ਇਹ ਮੁੱਦਾ ਮੰਤਰੀ ਮੰਡਲ ਦੀ ਬੈਠਕ ਤੋਂ ਪਹਿਲਾਂ ਗੈਰ ਰਸਮੀ ਵਿਚਾਰ ਵਟਾਂਦਰੇ ਲਈ ਆਇਆ ਸੀ। ਬੈਠਕ ਵਿੱਚ ਮੌਜੂਦ ਕਈ ਮੰਤਰੀਆਂ ਨੇ ਬਾਜਵਾ ਦਾ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਖੇਡਣ ਦਾ ਇਲਜ਼ਾਮ ਵੀ ਲਗਾਇਆ। ਇਸ ਬਾਬਤ ਜਦੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਨੁਸ਼ਾਸਨ ਭੰਗ ਕਰਨ ਵਾਲਿਆਂ ਵਿਰੁੱਧ ਜੇਕਰ ਮੰਤਰੀਆਂ ਨੇ ਕਿਹਾ ਤਾਂ ਕਾਰਵਾਈ ਹੋਵੇਗੀ। ਉੱਥੇ ਹੀ, ਧਰਮਸੋਤ CAA 'ਤੇ ਕੁਝ ਵੀ ਬੋਲਣ ਤੋਂ ਕਤਰਾਉਂਦੇ ਰਹੇ ਤੇ ਇਹ ਕਹਿ ਕੇ ਨਿਕਲਦੇ ਬਣੇ ਕਿ ਵਿਧਾਨ ਸਭਾ ਸੈਸ਼ਨ ਵਿੱਚ ਦੱਸਿਆ ਜਾਵੇਗਾ।
ਉੱਥੇ ਹੀ, ਕੈਬਿਨੇਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਜੇਕਰ ਉਹ ਵੀ ਅਨੁਸ਼ਾਸਨ ਭੰਗ ਕਰਦੇ ਹਨ, ਤਾਂ ਉਨ੍ਹਾਂ ਵਿਰੁੱਧ ਵੀ ਕਾਰਵਾਈ ਹੋਵੇਗੀ। ਕਾਂਗੜ ਨੂੰ ਜਦੋਂ ਪੁੱਛਿਆ ਗਿਆ ਕਿ ਕਾਂਗਰਸ ਵਿੱਚ ਕੋਈ ਨਾ ਕੋਈ ਬਗਾਵਤ ਰੱਖਦਾ ਹੈ, ਤਾਂ ਉਸ ਬਾਰੇ ਕਾਂਗੜ ਨੇ ਕਿਹਾ ਕਿ ਪਰਿਵਾਰ ਵਿੱਚ ਜਿੱਥੇ 2 ਭਾਂਡੇ ਹੁੰਦੇ ਹਨ, ਉਹ ਖੜਕਦੇ ਹਨ। ਪਰ, ਅਨੁਸ਼ਾਸਨ ਭੰਗ ਕਰਨ ਵਾਲੇ ਵਿਰੁੱਧ ਕਾਰਵਾਈ ਹੁੰਦੀ ਹੈ। CAA ਬਾਰੇ ਕੁਝ ਵੀ ਬੋਲੇ ਬਿਨਾਂ ਗੁਰਪ੍ਰੀਤ ਕਾਂਗੜ ਚੁੱਪੀ ਵੱਟ ਨਿਕਲਦੇ ਬਣੇ।