ਚੰਡੀਗੜ੍ਹ: ਲਖੀਮਪੁਰ ਖੀਰੀ ਹਿੰਸਾ ਮਾਮਲੇ (Lakhimpur Khiri violence case ) ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉੱਤੇ ਇਲਜ਼ਾਮ ਤੈਅ ਹੋ ਗਏ ਹਨ ਅਤੇ ਇਸ ਕੇਸ ਦਾ ਟ੍ਰਾਇਲ 16 ਦਸੰਬਰ ਤੋਂ ਸ਼ੁਰੂ ਹੋਵੇਗਾ।ਅਦਾਲਤ ਨੇ ਆਸ਼ੀਸ਼ ਮਿਸ਼ਰਾ ਦੀ ਉਸ ਪਟੀਸ਼ਨ ਨੂੰ ਖਾਰਿਜ (Ashish Mishras petition dismissed) ਕੀਤਾ ਜਿਸ ਵਿਚ ਆਸ਼ੀਸ਼ ਮਿਸ਼ਰਾ ਨੇ ਆਪਣੇ ਆਪ ਨੂੰ ਇਸ ਕੇਸ ਤੋਂ ਵੱਖ ਕਰਨ ਦੀ ਅਪੀਲ ਕੀਤੀ ਸੀ। ਅਦਾਲਤ ਨੇ ਕਰਾਰਾ ਝਟਕਾ ਦਿੰਦਿਆਂ ਆਸ਼ੀਸ਼ ਮਿਸ਼ਰਾ ਦੀ ਇਸ ਪਟੀਸ਼ਨ ਨੂੰ ਖਾਰਜ ਕੀਤਾ।
16 ਦਸੰਬਰ ਤੋਂ ਇਸ ਕੇਸ ਦਾ ਟ੍ਰਾਇਲ ਸ਼ੁਰੂ ਹੋਣ ਜਾ ਰਿਹਾ ਹੈ।ਇਸ ਤੋਂ ਪਹਿਲਾਂ ਲੰਘੇ ਦਿਨੀਂ ਲਖੀਮਪੁਰ ਖੀਰੀ ਹਿੰਸਾ (Lakhimpur Khiri violence case ) ਮਾਮਲੇ ਦੇ ਮੁੱਖ ਗਵਾਹ 'ਤੇ ਜਾਨਲੇਵਾ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਲਖੀਮਪੁਰ ਖੀਰੀ ਹਿੰਸਾ ਮਾਮਲਾ ਅਕਤੂਬਰ 2021 ਵਿਚ ਵਾਪਰਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਵੱਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਸੀ। ਅੱਜ ਗੱਲ ਕਰਾਂਗਾ ਇਸ ਕੇਸ ਨਾਲ ਜੁੜੇ ਇਕ ਇਕ ਪਹਿਲੂ 'ਤੇ ਅਕਤੂਬਰ 2021 ਤੋਂ ਲੈ ਕੇ ਹੁਣ ਤੱਕ ਇਸ ਕੇਸ ਵਿਚ ਕੀ ਕੀ ਹੋਇਆ।ਇਸ ਪੂਰੇ ਕੇਸ ਬਾਰੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਰਵਨੀਤ ਬਰਾੜ ਨਾਲ ਖਾਸ ਗੱਲਬਾਤ ਕੀਤੀ ਗਈ।
ਕਦੋਂ ਵਾਪਰੀ ਸੀ ਘਟਨਾ ?: ਇਹ ਘਟਨਾ 3 ਅਕਤੂਬਰ 2021 ਨੂੰ ਵਾਪਰੀ ਸੀ ਜਦੋਂ ਦੇਸ਼ ਅੰਦਰ ਕਿਸਾਨੀ ਅੰਦੋਲਨ ਆਪਣੀ ਚਰਮ ਸੀਮਾਂ 'ਤੇ ਸੀ।ਉਸ ਸਮੇਂ ਭਾਜਪਾ ਆਗੂਆਂ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਸੀ।ਯੂ. ਪੀ. ਦੇ ਤਿਕੋਣੀਆਂ ਅਧੀਨ ਆਉਂਦੇ ਲਖੀਮਪੁਰ ਖੀਰੀ ਵਿਚ ਵੀ ਕਿਸਾਨਾਂ ਵੱਲੋਂ ਕੇਂਦਰੀ ਮੰਤਰੀ ਅਜੇ ਮਿਸ਼ਰਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਅਚਾਨਕ ਤੇਜ਼ ਰਫ਼ਤਾਰ ਨਾਲ ਸ਼ੂਕਦੀ ਐਸ. ਯੂ. ਵੀ. ਕਾਰ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਰੜਦੀ ਅੱਗੇ ਲੰਘ ਗਈ।ਇਸ ਘਟਨਾ ਵਿਚ 4 ਕਿਸਾਨਾਂ, 3 ਭਾਜਪਾਂ ਵਰਕਰਾਂ ਅਤੇ 1 ਪੱਤਰਕਾਰ ਦੀ ਮੌਤ ਹੋਈ ਸੀ।ਇਸ ਕਾਰ ਵਿਚ ਕੋਈ ਹੋਰ ਨਹੀਂ ਬਲਕਿ ਕੇਂਦਰੀ ਮੰਤਰੀ ਅਜੇ ਮਿਸ਼ਰਾ (Union Minister Ajay Mishras son) ਦਾ ਪੁੱਤਰ ਚਲਾ ਰਿਹਾ ਸੀ ਜਿਸਤੇ ਕਤਲ ਦੇ ਦੋਸ਼ ਤੈਅ ਕੀਤੇ ਗਏ ਹਨ।
ਵਿਰੋਧੀ ਪੱਖ ਨੇ ਕਿਹਾ ਕਿਸਾਨਾਂ ਨੇ ਉਕਸਾਇਆ:ਈ. ਟੀ. ਵੀ. ਭਾਰਤ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Farmer leader Jagjit Singh Dallewal) ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿਚ ਚੂਰ ਆਗੂਆਂ ਨੂੰ ਸਭ ਤੋਂ ਪਹਿਲਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਲੋਕਾਂ ਨੇ ਆਪਣੀਆਂ ਮੰਗਾਂ ਅਤੇ ਮਸਲਿਆਂ ਨੂੰ ਉਹਨਾਂ ਤੱਕ ਲੈ ਕੇ ਜਾਣਾ ਹੁੰਦਾ ਹੈ। ਜੇਕਰ ਕੋਈ ਉਹਨਾਂ ਦੀਆਂ ਮੰਗਾਂ ਨਹੀਂ ਸੁਣਦਾ ਤਾਂ ਫਿਰ ਵਿਦਰੋਹ ਸਾਹਮਣੇ ਆਉਣਾ ਲਾਜ਼ਮੀ ਹੈ।
ਲਖੀਮਪੁਰ ਵਿਚ ਕਿਸਾਨਾਂ ਨੇ ਉਹਨਾਂ ਨੂੰ ਕਾਲੇ ਝੰਡੇ ਵਿਖਾਏ ਸਨ। ਇਸਦੀ ਵੀਡੀਓ ਸਾਰੇ ਪਾਸੇ ਵਾਇਰਲ ਵੀ ਹੋਈ।ਡੱਲੇਵਾਲ ਨੇ ਆਖਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਇਕ ਦਿਨ ਪਹਿਲਾਂ ਅਜੇ ਮਿਸ਼ਰਾ ਨੇ ਕਿਸਾਨਾਂ ਨੂੰ ਧਮਕੀ ਦਿੱਤੀ ਸੀ ਅਤੇ ਉਸਤੋਂ ਦੂਸਰੇ ਦਿਨ ਇਹ ਕਾਂਡ ਹੋ ਜਾਂਦਾ। ਕਿਸਾਨ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰਕੇ ਵਾਪਸ ਆ ਰਹੇ ਸਨ ਜਿਸ ਤੋਂ ਬਾਅਦ ਉਹਨਾਂ ਤੇ ਆਸ਼ੀਸ਼ ਮਿਸ਼ਰਾ ਵੱਲੋਂ ਗੱਡੀ ਚੜਾਈ ਗਈ। ਇਸਦੇ ਵਿਚ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਕਿ ਕਿਸਾਨਾਂ ਨੇ ਉਹਨਾਂ ਨੂੰ ਉਕਸਾਇਆ।
ਕਿਸਾਨਾਂ ਨੇ ਵੀ ਨੁਕਸਾਨ ਪਹੁੰਚਾਇਆ ਕਾਰਵਾਈ ਕਿਉਂ ਨਹੀਂ?:ਦੂਜੇ ਪੱਖ ਵੱਲੋਂ ਕਿਹਾ ਗਿਆ ਹੈ ਕਿ ਕਿਸਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਇਸ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਅਜੇ ਮਿਸ਼ਰਾ ਟੇਨੀ ਵਰਗੇ ਲੋਕ ਜੋ ਸੱਤਾ ਵਿਚ ਰਹਿੰਦੇ ਹਨ ਉਹ ਆਪਣੇ ਪ੍ਰਭਾਵ ਕਾਰਨ ਕੇਸ ਦੀ ਇਨਵੈਸਟੀਗੇਸ਼ਨ ਪ੍ਰਭਾਵਿਤ ਕਰ ਸਕਦੇ ਹਨ।ਇਕ ਹਫ਼ਤਾ ਪਹਿਲਾਂ ਅਜੇ ਮਿਸ਼ਰਾ ਨੇ ਚੈਲੰਜ ਕਰਕੇ ਉਹ ਕਾਰਵਾਈ ਲਖੀਮਪੁਰ 'ਚ ਕਰਕੇ ਵਿਖਾਈ। ਇਕ ਆਮ ਆਦਮੀ ਦੀ ਗੱਡੀ ਨਾਲ ਜੇਕਰ ਕੋਈ ਹਾਦਸਾ ਹੁੰਦਾ ਤਾਂ ਭੀੜ ਉਸਨੂੰ ਕੁੱਟ ਕੁੱਟ ਕੇ ਬੁਰਾ ਹਸ਼ਰ ਕਰ ਦਿੰਦੀ ਹੈ ਅਤੇ ਪੁਲਿਸ ਕਾਰਵਾਈ ਅਲੱਗ ਤੋਂ ਕਰਦੀ ਹੈ। ਆਪਣੇ ਬਚਾਅ ਲਈ ਕਿਸਾਨਾਂ ਦੀ ਕਾਰਵਾਈ ਉੱਤੇ 302 ਦੀ ਧਾਰਾ ਨਹੀਂ ਬਣ ਸਕਦੀ ਜੇਕਰ ਕਾਨੂੰਨੀ ਪੱਖ ਵਾਚੇ ਜਾਣ ਤਾਂ ਇਸਦੇ ਡੂੰਘੇ ਮਾਇਨੇ ਨਿਕਲਣਗੇ।ਉਹਨਾਂ ਸਿਆਸੀ ਅਸਰ ਰਸੂਖ ਨਾਲ ਅਜਿਹੀਆਂ ਗੱਲਾਂ ਕਰਕੇ ਕੇਸ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਨ।