ਚੰਡੀਗੜ੍ਹ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕੋਰੋਨਾ ਫਤਿਹ ਕਿੱਟਾਂ 'ਤੇ ਸੌੜੀ ਸਿਆਸਤ ਖੇਡਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਆਲੋਚਨਾ ਕੀਤੀ ਕਿਉਂਕਿ ਆਪ ਦੀ ਦਿੱਲੀ ਸਰਕਾਰ ਵੱਲੋਂ 5 ਮਈ 2020 ਨੂੰ ਬਹੁਤ ਉੱਚ ਦਰਾਂ `ਤੇ ਪਲਸ ਆਕਸੀਮੀਟਰ ਦੀ ਖਰੀਦ ਕੀਤੀ ਗਈ। ਆਪ ਦੇ ਨੇਤਾਵਾਂ 'ਤੇ ਵਰ੍ਹਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਸਵਾਲ ਉਠਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੌਮੀ ਰਾਜਧਾਨੀ ਵਿੱਚ ਕੀ ਕੀਤਾ ਜਿਥੇ ਹਜ਼ਾਰਾਂ ਲੋਕਾਂ ਦੀ ਇਲਾਜ ਤੋਂ ਬਿਨਾਂ ਸੜਕਾਂ 'ਤੇ ਜਾਨ ਚਲੀ ਗਈ। ਲੋਕ ਹਸਪਤਾਲਾਂ ਵਿੱਚ ਆਕਸੀਜਨ ਅਤੇ ਬੈੱਡਾਂ ਦੀ ਉਪਲੱਬਧਤਾ ਲਈ ਚੀਕ-ਚਿਹਾੜਾ ਪਾ ਰਹੇ ਸਨ।
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਵੱਖ-ਵੱਖ ਫਰਮਾਂ ਤੋਂ ਇੱਕੋ ਜਿਹੇ ਆਕਸੀਮੀਟਰ ਵੱਖ ਵੱਖ ਉੱਚ ਦਰਾਂ 'ਤੇ ਕਿਵੇਂ ਖਰੀਦ ਸਕਦੀ ਹੈ ਜਦੋਂਕਿ ਪੰਜਾਬ ਸਰਕਾਰ ਮਰੀਜ਼ਾਂ ਨੂੰ ਮੌਜੂਦਾ ਸਮੇਂ 883 ਰੁਪਏ ਦੀ ਬਹੁਤ ਘੱਟ ਕੀਮਤ 'ਤੇ ਕੋਰੋਨਾ ਫਤਿਹ ਕਿੱਟਾਂ ਮੁਹੱਈਆ ਕਰਵਾ ਰਹੀ ਹੈ ਜਿਸ ਵਿੱਚ 19 ਵਸਤਾਂ ਜਿਵੇਂ ਡਿਜੀਟਲ ਥਰਮਾਮੀਟਰ, ਸਟੀਮਰ, ਪਲਸ ਆਕਸੀਮੀਟਰ, ਹੈਂਡ ਸੈਨੇਟਾਈਜ਼ਰ (500 ਐਮ ਐਲ ), ਤੀਹਰੀ ਪਰਤ ਵਾਲੇ ਫੇਸਮਾਸਕ ਅਤੇ ਸਾਰੀਆਂ ਜ਼ਰੂਰੀ ਦਵਾਈਆਂ ਸ਼ਾਮਲ ਸਨ।
ਆਮ ਆਦਮੀ ਪਾਰਟੀ ਦੇ ਦਿੱਲੀ ਦੇ ਕਥਿਤ ਵਿਸ਼ਵ ਪੱਧਰੀ ਸਿਹਤ ਬੁਨਿਆਦੀ ਢਾਂਚੇ ਦੇ ਮਾਡਲ ਨੂੰ ਹਵਾਈ ਕਿਲ੍ਹੇ ਦੱਸਦਿਆਂ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਨੂੰ ਦਿੱਲੀ ਦਾ ਸਿਹਤ ਮਾਡਲ ਅਪਣਾਉਣ ਦੀ ਸਲਾਹ ਨਾ ਦਿਓ ਜਿਸ ਦਾ ਆਧਾਰ ਸਿਰਫ਼ ਸੋਸ਼ਲ ਮੀਡੀਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਾਣ ਬੁੱਝ ਕੇ ਕੌਮੀ ਰਾਜਧਾਨੀ ਵਿੱਚ ਲਾਕਡਾਊਨ ਲਗਾ ਦਿੱਤਾ ਸੀ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹ ਮਜ਼ਦੂਰ ਅਤੇ ਕਿਰਤੀ ਵਰਗ ਨੂੰ ਸਿਹਤ ਸਹੂਲਤਾਂ ਅਤੇ ਭੋਜਨ ਮੁਹੱਈਆ ਕਰਾਉਣ ਦੀ ਸਮਰੱਥਾ ਵਿੱਚ ਨਹੀਂ ਸਨ।