ਚੰਡੀਗੜ੍ਹ: ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੁਲਾਸਾ ਕੀਤਾ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ-ਵੇਅ ਕਰਤਾਰਪੁਰ ਵਿਖੇ ਦੋ ਹਿੱਸਿਆਂ ਵਿੱਚ ਵੰਡੇ ਜਾਣ ਮਗਰੋਂ ਇਸ ਦਾ ਇੱਕ ਹਿੱਸਾ ਅੰਮ੍ਰਿਤਸਰ ਵਿੱਚ ਦੀ ਹੋ ਕੇ ਲੰਘੇਗਾ ਜਦਕਿ ਦੂਜਾ ਹਿੱਸਾ ਗੁਰਦਾਸਪੁਰ ਵਿੱਚੋਂ ਦੀ ਹੋ ਕੇ ਕਟੜਾ ਜਾਵੇਗਾ।
ਇਸ ਬਾਰੇ ਖੁਲਾਸਾ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਵਿਕਾਸ ਮੰਚ ਅਤੇ ਕੁੱਝ ਹੋਰ ਸਮਾਜ ਸੇਵੀ ਸੰਗਠਨਾਂ ਵੱਲੋਂ ਹਾਲ ਹੀ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇਹ ਐਕਸਪ੍ਰੈਸਵੇਅ ਅੰਮ੍ਰਿਤਸਰ ਵਿੱਚੋਂ ਦੀ ਹੋ ਕੇ ਨਹੀਂ ਲੰਘ ਰਿਹਾ ਹੈ ਅਤੇ ਉਹ ਕਾਫੀ ਚੁਕੰਨੇ ਹੋ ਗਏ ਸਨ।
ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਕੋਲ ਉਠਾਇਆ ਸੀ ਅਤੇ ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹ ਐਕਸਪ੍ਰੈਸਵੇਅ ਸਿਰਫ਼ ਇਸ ਪਵਿੱਤਰ ਸ਼ਹਿਰ ਵਿੱਚੋਂ ਦੀ ਹੀ ਹੋ ਕੇ ਨਹੀਂ ਲੰਘੇਗਾ, ਸਗੋਂ ਇਸ ਨੂੰ ਰਾਜਾ ਸਾਂਸੀ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਵੀ ਜੋੜਿਆ ਜਾਵੇਗਾ।
ਹੋਰ ਜਾਣਕਾਰੀ ਦਿੰਦਿਆਂ ਬਾਦਲ ਨੇ ਦੱਸਿਆ ਕਿ ਐਕਸਪ੍ਰੈਸਵੇਅ ਦੇ ਕਰਤਾਰਪੁਰ ਵਿਖੇ ਦੋ ਹਿੱਸੇ ਹੋ ਜਾਣਗੇ। ਅੰਮ੍ਰਿਤਸਰ ਜਾਣ ਵਾਲਾ ਸੈਕਸ਼ਨ 50 ਕਿਲੋਮੀਟਰ ਤੱਕ ਮੌਜੂਦਾ ਹਾਈਵੇਅ ਦਾ ਇਸਤੇਮਾਲ ਕਰੇਗਾ, ਜਿਸ ਦੇ ਦੋਵੇਂ ਪਾਸੇ ਸੜਕਾਂ ਬਣਾ ਕੇ ਇਸ ਨੂੰ ਐਕਸਪ੍ਰੈਸ ਵੇਅ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਐਕਸਪ੍ਰੈਸਵੇਅ ਨੂੰ ਰਾਜਾ ਸਾਂਸੀ ਹਵਾਈ ਅੱਡੇ ਨਾਲ ਜੋੜਣ ਲਈ ਇੱਕ ਨਵੀਂ 30 ਕਿਲੋਮੀਟਰ ਲੰਬੀ ਸੜਕ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਦੂਜਾ ਸੈਕਸ਼ਨ 65 ਕਿਲੋਮੀਟਰ ਲੰਬਾ ਹੋਵੇਗਾ, ਜੋ ਕਿ ਐਕਸਪ੍ਰੈਸਵੇਅ ਨੂੰ ਕਰਤਾਰਪੁਰ ਤੋਂ ਗੁਰਦਾਸਪੁਰ ਲੈ ਕੇ ਜਾਵੇਗਾ ਅਤੇ ਇੱਥੋਂ ਇਸ ਨੂੰ ਕਟੜਾ ਜਾਣ ਵਾਲੇ 180 ਕਿਲੋਮੀਟਰ ਲੰਬੇ ਨੈਸ਼ਨਲ ਹਾਈਵੇਅ 44 ਨਾਲ ਜੋੜ ਦਿੱਤਾ ਜਾਵੇਗਾ।
ਇਹ ਵੀ ਪੜੋ: ਕੋਵਿਡ-19: ਪੰਜਾਬ 'ਚ 17 ਮਈ ਤੱਕ ਜਾਰੀ ਰਹੇਗਾ ਕਰਫਿਊ, ਦਿਨ 'ਚ 4 ਘੰਟੇ ਤੱਕ ਦਿੱਤੀ ਜਾਵੇਗੀ ਢਿੱਲ: ਕੈਪਟਨ
ਬੀਬਾ ਬਾਦਲ ਨੇ ਦੱਸਿਆ ਕਿ ਇਹ ਐਕਸਪ੍ਰੈਸਵੇਅ ਹਰਿਆਣਾ ਦੇ ਜੱਸਰ ਖੇੜੀ ਤੋਂ ਸ਼ੁਰੂ ਹੋ ਕੇ ਘਨਾ-ਕਾਲਾਇਤ ਵਿੱਚੋਂ ਦੀ ਗੁਜ਼ਰਦਾ ਹੋਇਆ ਪਾਤੜਾਂ ਨੇੜੇ ਪੰਜਾਬ ਵਿੱਚ ਦਾਖ਼ਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇਹ ਭਵਾਨੀਗੜ ਅਤੇ ਨਕੋਦਰ ਵਿਚ ਦੀ ਨਿਕਲਦਾ ਹੋਇਆ ਕਰਤਾਰਪੁਰ ਜਾਵੇਗਾ ਅਤੇ ਫਿਰ ਇਸ ਦੇ ਦੋ ਹਿੱਸੇ ਹੋ ਜਾਣਗੇ, ਜਿਨ੍ਹਾਂ ਵਿੱਚੋਂ ਇੱਕ ਅੰਮ੍ਰਿਤਸਰ ਵਿੱਚ ਦੀ ਅਤੇ ਦੂਜਾ ਗੁਰਦਾਸਪੁਰ ਵਿੱਚ ਦੀ ਲੰਘੇਗਾ।