ਪੰਜਾਬ

punjab

ETV Bharat / state

ਪੰਜਾਬ ਪੁਲਿਸ ਵੱਲੋਂ ਰਿਪੋਰਟ ਜਾਰੀ, ਸਾਲ 2021 ਦੇ ਮੁਕਾਬਲੇ ਸਾਲ 2022 ਵਿੱਚ ਸੜਕੀ ਦੁਰਘਨਾਵਾਂ ਸਬੰਧੀ ਮੌਤਾਂ ਵਿੱਚ ਆਈ ਕਮੀ - Annual traffic report

YEAR ENDER 2023: ਪੰਜਾਬ ਪੁਲਿਸ ਵੱਲੋਂ ਪੰਜਾਬ ਸੜਕੀ ਹਾਦਸੇ ਅਤੇ ਟਰੈਫ਼ਿਕ ਦੀ ਸਾਲਾਨਾ ਰਿਪੋਰਟ 2022 ਲਾਂਚ ਕੀਤੀ ਗਈ ਹੈ। ਰਿਪੋਰਟ ਵਿੱਚ ਸਾਲ 2022 ਵਿੱਚ ਸੜਕੀ ਦੁਰਘਨਾਵਾਂ ਸਬੰਧੀ ਮੌਤ ਦਰ ਵਿੱਚ 9.4 ਫ਼ੀਸਦ ਵਾਧੇ ਦੇ ਦੇਸ਼ ਵਿਆਪੀ ਰੁਝਾਨ ਦੇ ਉੱਲਟ ਪੰਜਾਬ ਵਿੱਚ ਸੜਕੀ ਦੁਰਘਨਾਵਾਂ ਸਬੰਧੀ ਮੌਤਾਂ ਵਿੱਚ ਕਮੀ ਦਰਜ ਕੀਤੀ ਗਈ ਹੈ।

Decrease in road accident deaths in Punjab in 2023 compared to 2022
Decrease in road accident deaths in Punjab in 2023 compared to 2022

By ETV Bharat Punjabi Team

Published : Dec 29, 2023, 6:44 PM IST

ਚੰਡੀਗੜ੍ਹ:ਸੜਕ ਸੁਰੱਖਿਆ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਗਤੀਸ਼ੀਲ ਸੋਚ ਤਹਿਤ ਪੰਜਾਬ ਵਿੱਚ ਸਾਲ 2021 ਦੇ ਮੁਕਾਬਲੇ 2022 ਦੌਰਾਨ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ‘ਚ 0.24 ਫੀਸਦ ਦੀ ਕਮੀ ਆਈ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਜ਼ਿਕਰਯੋਗ ਹੈ ਕਿ ਸਾਲ 2022 ਵਿੱਚ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ 4,578 ਮੌਤਾਂ ਦਰਜ ਕੀਤੀਆਂ ਗਈਆਂ ਸਨ।

ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ‘ਚ ਆਈ ਇਹ ਮਹੱਤਵਪੂਰਨ ਗਿਰਾਵਟ ਦੇਸ਼ ਵਿਆਪੀ ਰੁਝਾਨ, ਜਿਸ ਦੌਰਾਨ 2022 ਵਿੱਚ ਸੜਕੀ ਮੌਤਾਂ ਵਿੱਚ 9.4 ਪ੍ਰਤੀਸ਼ਤ ਦਾ ਵਾਧਾ ਹੋਇਆ, ਦੇ ਬਿਲਕੁੱਲ ਉਲਟ ਹੈ, ਜਿਸ ਦੇ ਨਤੀਜੇ ਵਜੋਂ ਭਾਰਤ ਵਿੱਚ ਸੜਕ ਹਾਦਸਿਆਂ ਵਿੱਚ ਕੁੱਲ 1,68,491 ਮੌਤਾਂ ਹੋਈਆਂ।

ਪੰਜਾਬ ਸੜਕੀ ਹਾਦਸੇ ਅਤੇ ਟਰੈਫ਼ਿਕ ਦੀ ਸਾਲਾਨਾ ਰਿਪੋਰਟ-2022 ਲਾਂਚ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਆਪਣੀ ਕਿਸਮ ਦੀ ਪਹਿਲੀ ਸੜਕ ਸੁਰੱਖਿਆ ਫੋਰਸ (ਐਸਐਸਐਫ), ਜੋ ਕਿ ਸੜਕ ਸੁਰੱਖਿਆ ਅਤੇ ਸਮਾਜ ਵਿਰੋਧੀ ਅਨਸਰਾਂ ‘ਤੇ ਨਕੇਲ ਕੱਸਣ ਵਾਲੀ ਵਿਸ਼ੇਸ਼ ਪੁਲਿਸ ਟੀਮ ਹੈ, ਦੀ ਸ਼ੁਰੂਆਤ ਨਾਲ ਇਸ ਗਿਰਾਵਟ ਦੇ ਰੁਝਾਨ ਵਿੱਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਮਾਗ ਦੀ ਉਪਜ-ਐਸਐਸਐਫ ਜਲਦੀ ਹੀ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋਵੇਗੀ, ਜਿਸ ਨਾਲ ਨਾ ਸਿਰਫ਼ ਦੁਰਘਟਨਾਵਾਂ ਵਿੱਚ ਕਮੀ ਲਿਆ ਕੇ ਕੀਮਤੀ ਜਾਨਾਂ ਬਚਾਉਣ ਵਿੱਚ ਮਦਦ ਮਿਲੇਗੀ ਬਲਕਿ ਸੂਬੇ ਵਿੱਚ ਆਵਾਜਾਈ ਨੂੰ ਵੀ ਸੁਚਾਰੂ ਬਣਾਇਆ ਜਾ ਸਕੇਗਾ। ਡੀਜੀਪੀ ਨੇ ਪੰਜਾਬ ਪੁਲਿਸ, ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਦੀਆਂ ਟੀਮਾਂ ਵੱਲੋਂ ਕੀਤੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ।

ਵਧੇਰੇ ਜਾਣਕਾਰੀ ਦਿੰਦਿਆਂ ਏਡੀਜੀਪੀ ਟ੍ਰੈਫਿਕ ਏ.ਐਸ ਰਾਏ ਨੇ ਦੱਸਿਆ ਕਿ ਪੰਜਾਬ ਸੜਕੀ ਹਾਦਸੇ ਅਤੇ ਟਰੈਫ਼ਿਕ ਦੀ ਸਾਲਾਨਾ ਰਿਪੋਰਟ-2022, ਪੰਜਾਬ ਪੁਲਿਸ ਅਤੇ ਪੰਜਾਬ ਰੋਡ ਸੇਫਟੀ ਐਂਡ ਟ੍ਰੈਫਿਕ ਰਿਸਰਚ ਸੈਂਟਰ ਵੱਲੋਂ ਕੀਤੀ ਗਈ ਪਹਿਲ ਹੈ। ਇਸ ਰਿਪੋਰਟ ਵਿੱਚ ਪੰਜਾਬ ‘ਚ ਸੜਕ ਹਾਦਸਿਆਂ, ਟ੍ਰੈਫਿਕ ਉਲੰਘਣਾਵਾਂ ਅਤੇ ਸੜਕ ਸੁਰੱਖਿਆ ਉਪਾਵਾਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਰਿਪੋਰਟ ਟ੍ਰੈਫਿਕ ਅਤੇ ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀਆਂ ਲਈ ਸੂਬੇ ਵਿੱਚ ਟ੍ਰੈਫਿਕ ਨਾਲ ਸਬੰਧਤ ਮੁੱਦਿਆਂ ਨੂੰ ਸਮਝਣ ਅਤੇ ਹੱਲ ਕਰਨ ਲਈ ਮਦਦਗਾਰ ਸਾਬਤ ਹੋਵੇਗੀ। ਇਸ ਤੋਂ ਇਲਾਵਾ ਇਹ ਰਿਪੋਰਟ ਰੋਡ ਸੇਫਟੀ ਦੇ ਖੇਤਰ ਵਿੱਚ ਕੰਮ ਕਰ ਰਹੇ ਵਿਦਵਾਨਾਂ ਅਤੇ ਅਕਾਦਮੀਆਂ ਲਈ ਵੀ ਇੱਕ ਮਹੱਤਵਪੂਰਨ ਹਵਾਲਾ ਸਮੱਗਰੀ ਦਾ ਕੰਮ ਦੇਵੇਗੀ।

ਸਾਲ 2021 ਦੇ ਮੁਕਾਬਲੇ ਸਾਲ 2022 ਵਿੱਚ ਸੜਕੀ ਦੁਰਘਨਾਵਾਂ ਸਬੰਧੀ ਮੌਤਾਂ ਵਿੱਚ ਆਈ ਕਮੀ

ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ ਦੇ ਡਾਇਰੈਕਟਰ ਡਾ. ਨਵਦੀਪ ਅਸੀਜਾ ਨੇ ਰਿਪੋਰਟ ਦੀਆਂ ਮੁੱਖ ਲੱਭਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2022 ਵਿੱਚ 7.44% ਦੀ ਸਾਲਾਨਾ ਵਾਧਾ ਦਰ ਦੇ ਹਿਸਾਬ ਨਾਲ ਪੰਜਾਬ ਵਿੱਚ ਕੁੱਲ 5,55,429 ਮੋਟਰ ਵਾਹਨ ਰਜਿਸਟਰਡ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਅਗਸਤ 2023 ਤੱਕ ਪੰਜਾਬ ਵਿੱਚ ਕੁੱਲ ਰਜਿਸਟਰਡ ਵਾਹਨਾਂ ਦੀ ਗਿਣਤੀ 1.33 ਕਰੋੜ (1,32,87,350) ਸੀ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ 2021 ਦੇ ਮੁਕਾਬਲੇ ਫਰਵਰੀ, ਜੁਲਾਈ, ਸਤੰਬਰ, ਅਕਤੂਬਰ, ਨਵੰਬਰ ਅਤੇ ਦਸੰਬਰ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਦੇਖੀ ਗਈ ਹੈ, ਜਦੋਂ ਕਿ ਬਾਕੀ ਹੋਰ ਸਾਰੇ ਮਹੀਨਿਆਂ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣਾ ਅਤੇ ਅਵਾਰਾ ਪਸ਼ੂ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਾਲ 2022 ਵਿੱਚ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਕਰਕੇ ਕੁੱਲ 2085 ਲੋਕ ਸੜਕ ਹਾਦਸਿਆਂ ਵਿੱਚ ਮਾਰੇ ਗਏ ਅਤੇ 421 ਮੌਤਾਂ ਅਵਾਰਾ ਪਸ਼ੂਆਂ ਕਰਕੇ ਹੋਈਆਂ।

ਦੱਸਣਯੋਗ ਹੈ ਕਿ ਸਾਲ 2022 ਵਿੱਚ ਸੜਕ ਹਾਦਸਿਆਂ ਵਿੱਚ ਹੋਈਆਂ ਸਭ ਤੋਂ ਵੱਧ ਮੌਤਾਂ, ਜੋ ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਹੋਈਆਂ ਕੁੱਲ ਮੌਤਾਂ ਦਾ 26 ਫੀਸਦ ਬਣਦੀਆਂ ਹਨ, ਸ਼ਾਮ 6 ਵਜੇ ਤੋਂ ਰਾਤ 9 ਵਜੇ ਦਰਮਿਆਨ ਦਰਜ ਕੀਤੀਆਂ ਗਈਆਂ ਹਨ, ਜਦੋਂ ਕਿ ਸੜਕ ਹਾਦਸਿਆਂ ਵਿੱਚ ਹੋਈਆਂ ਮੌਤਾਂ ਵਿੱਚੋਂ ਘੱਟੋ-ਘੱਟ 75 ਪ੍ਰਤੀਸ਼ਤ ਮੌਤਾਂ ਪੇਂਡੂ ਖੇਤਰਾਂ ਵਿੱਚ ਦਰਜ ਕੀਤੀਆਂ ਗਈਆਂ ਹਨ। ਸਮਾਜਿਕ-ਆਰਥਿਕ ਲਾਗਤ ਵਿਸ਼ਲੇਸ਼ਣ ਦੇ ਅਨੁਸਾਰ ਪੰਜਾਬ ਵਿੱਚ ਸਾਲ 2022 ‘ਚ ਸੜਕ ਹਾਦਸਿਆਂ ਵਿੱਚ 21,517 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। (ਪ੍ਰੈੱਸ ਨੋਟ)

ABOUT THE AUTHOR

...view details