ਹੈਦਰਾਬਾਦ ਡੈਸਕ : ਵਿਸ਼ਵ ਭਰ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਕੌਮਾਂਤਰੀ ਬਜ਼ੁਰਗ ਐਥਲੀਟ ਮਾਨ ਕੌਰ ਦੀ ਸ਼ਨੀਵਾਰ ਦੁਪਹਿਰ 1.30 ਵਜੇ ਦੇ ਕਰੀਬ ਮੌਤ ਹੋ ਗਈ। ਉਨ੍ਹਾਂ ਨੇ 105 ਸਾਲ ਦੀ ਉਮਰ ਵਿੱਚ ਸ਼ੁਧੀ ਆਯੁਰਵੈਦ ਹਸਪਤਾਲ, ਡੇਰਾਬੱਸੀ, ਮੋਹਾਲੀ ਵਿੱਚ ਆਖਰੀ ਸਾਹ ਲਿਆ। ਮਾਨ ਕੌਰ ਪਿੱਤੇ ਦੇ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦਾ ਸ਼ੁਧੀ ਆਯੁਰਵੇਦ ਪੰਚਕਰਮਾ ਹਸਪਤਾਲ ਡੇਰਾਬੱਸੀ ਵਿਖੇ ਆਚਾਰੀਆ ਮੁਨੀਸ਼ ਦੀ ਨਿਗਰਾਨੀ ਹੇਠ ਕੁਦਰਤੀ ਇਲਾਜ ਨਾਲ ਇਲਾਜ ਕੀਤਾ ਜਾ ਰਿਹਾ ਸੀ।
ਮਾਨ ਕੌਰ ਦੇ ਪੁੱਤਰ ਗੁਰਦੇਵ ਸਿੰਘ (85) ਨੇ ਦੱਸਿਆ ਕਿ ਮਾਂ ਨੇ ਫਰਵਰੀ ਵਿੱਚ ਪੇਟ ਦਰਦ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਉਸ ਨੂੰ ਪੀਜੀਆਈ ਨੂੰ ਦਿਖਾਇਆ ਗਿਆ ਸੀ। ਜਿੱਥੇ ਉਸ ਦੇ ਸਾਰੇ ਟੈਸਟਾਂ ਤੋਂ ਬਾਅਦ ਪਤਾ ਚੱਲਿਆ ਕਿ ਉਸ ਨੂੰ ਪਿੱਤੇ ਦੀ ਥੈਲੀ ਵਿੱਚ ਕੈਂਸਰ ਹੈ, ਪਰ ਉਮਰ ਜ਼ਿਆਦਾ ਹੋਣ ਕਾਰਨ ਪਰਿਵਾਰ ਨੇ ਕੀਮੋਥੈਰੇਪੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਉਸਦਾ ਇਲਾਜ ਪਟਿਆਲਾ ਵਿੱਚ ਚੱਲ ਰਿਹਾ ਸੀ, ਪਰ ਹੁਣ ਡੇਰਾਬੱਸੀ ਦੇ ਸ਼ੁਧੀ ਆਯੁਰਵੈਦ ਪੰਚਕਰਮਾ ਹਸਪਤਾਲ ਵਿੱਚ ਉਸਦਾ ਕੁਦਰਤੀ ਇਲਾਜ ਕੀਤਾ ਜਾ ਰਿਹਾ ਸੀ।