ਚੰਡੀਗੜ੍ਹ: ਪੀਜੀਆਈ ਚੰਡੀਗੜ੍ਹ ਵਿੱਚ ਇੱਕ ਔਰਤ ਨੂੰ ਗਲਤ ਟੀਕਾ ਲਗਾਇਆ ਗਿਆ ਤੇ ਉਸ ਔਰਤ ਦੀ ਮੌਤ ਹੋ ਗਈ ਹੈ। ਗਾਇਨੀਕੋਲਾਜੀ ਵਾਰਡ 'ਚ ਦਾਖਲ ਇਸ ਔਰਤ ਨੂੰ ਟੀਕਾ ਦੇਣ ਲਈ ਇੱਕ ਲੜਕੀ ਨਕਲੀ ਨਰਸ ਬਣ ਕੇ ਆਈ ਸੀ, ਪਰ ਇੰਜੈਕਸ਼ਨ ਦੇਣ ਤੋਂ ਬਾਅਦ ਇਸ ਲੜਕੀ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਲਿਆ ਗਿਆ। ਇਸ ਮਾਮਲੇ ਵਿੱਚ ਚੰਡੀਗੜ੍ਹ ਸੈਕਟਰ-11 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਲੜਕੀ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਹੈ ਪੂਰਾ ਮਾਮਲਾ :ਪੁਲਿਸ ਮੁਤਾਬਕ ਮੁਲਜ਼ਮ ਜਸਮੀਤ ਦੀ ਭੈਣ ਨੇ 2022 'ਚ ਆਪਣੀ ਮਰਜ਼ੀ ਨਾਲ ਕਿਸੇ ਹੋਰ ਭਾਈਚਾਰੇ ਦੇ ਲੜਕੇ ਨਾਲ ਲਵ ਮੈਰਿਜ ਕੀਤੀ ਸੀ, ਜੋ ਮੋਹਾਲੀ ਦੇ ਪਿੰਡ ਬਨੂੜ ਵਿੱਚ ਰਹਿ ਰਹੀ ਸੀ। ਉਸ ਦੇ ਪਰਿਵਾਰਕ ਮੈਂਬਰ ਇਸ ਵਿਆਹ ਤੋਂ ਨਾਖੁਸ਼ ਸਨ। 24 ਸਾਲਾ ਔਰਤ ਨੇ 3 ਨਵੰਬਰ 2023 ਨੂੰ ਇੱਕ ਬੱਚੇ ਨੂੰ ਜਨਮ ਦਿੱਤਾ ਸੀ, ਪਰ ਕਿਡਨੀ ਦੀ ਇਨਫੈਕਸ਼ਨ ਕਾਰਨ ਬਨੂੜ ਦੇ ਹਸਪਤਾਲ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਨਹਿਰੂ ਹਸਪਤਾਲ ਦੀ ਤੀਜੀ ਮੰਜ਼ਿਲ 'ਤੇ ਗਾਇਨੀਕੋਲਾਜੀ ਵਾਰਡ 'ਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਔਰਤ ਨੂੰ ਮਾਰਨ ਲਈ ਸਾਜ਼ਿਸ਼ ਕੀਤੀ ਗਈ ਤੇ ਨਕਲੀ ਨਰਸ ਤੋਂ ਟੀਕਾ ਲਵਾ ਦਿੱਤਾ। ਟੀਕੇ ਤੋਂ ਬਾਅਦ ਔਰਤ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਸ ਨੂੰ ਲਾਈਫ ਸਪੋਰਟ ਸਿਸਟਮ 'ਤੇ ਰੱਖਿਆ ਗਿਆ ਸੀ। ਆਖਿਰ ਐਤਵਾਰ ਦੇਰ ਰਾਤ ਔਰਤ ਦੀ ਮੌਤ ਹੋ ਗਈ।