ਹੈਦਰਾਬਾਦ ਡੈਸਕ:ਮਹਾਰਾਜਾ ਰਣਜੀਤ ਸਿੰਘ, ਪੰਜਾਬ ਦੇ ਸ਼ੇਰ ਜਾਂ ਸ਼ੇਰ-ਏ-ਪੰਜਾਬ ਵਜੋਂ ਮਸ਼ਹੂਰ, ਇੱਕ ਮਹਾਨ ਸ਼ਾਸਕ ਅਤੇ ਮਹਾਨ ਯੋਧਾ ਅਤੇ ਪੰਜਾਬ ਦੇ ਸਿੱਖ ਸਾਮਰਾਜ ਦੇ ਸੰਸਥਾਪਕ ਸਨ। ਰਾਜਾ ਰਣਜੀਤ ਸਿੰਘ ਦਾ ਰਾਜ ਉੱਤਰ-ਪੱਛਮ ਵਿੱਚ ਖੈਬਰ ਦੱਰੇ ਤੋਂ ਪੂਰਬ ਵਿੱਚ ਸਤਲੁਜ ਦਰਿਆ ਤੱਕ ਅਤੇ ਭਾਰਤੀ ਉਪ ਮਹਾਂਦੀਪ ਦੇ ਸਭ ਤੋਂ ਉੱਤਰੀ ਖੇਤਰ ਕਸ਼ਮੀਰ ਤੋਂ ਲੈ ਕੇ ਦੱਖਣ ਵਿੱਚ ਥਾਰ (ਮਹਾਨ ਭਾਰਤੀ) ਮਾਰੂਥਲ ਤੱਕ ਫੈਲਿਆ ਹੋਇਆ ਸੀ। ਪੰਜਾਬ ਹੀ ਅਜਿਹਾ ਸੂਬਾ ਹੈ ਜਿਸ ਨੇ ਅਫਗਾਨਿਸਤਾਨ ਨੂੰ ਹਰਾਇਆ ਹੈ।
ਜਨਮ ਤੇ ਮਾਤਾ-ਪਿਤਾ:ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਗੁਜਰਾਂਵਾਲਾ, ਪੰਜਾਬ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਮਹਾਂ ਸਿੰਘ ਤੇ ਮਾਤਾ ਦਾ ਰਾਜ ਕੌਰ ਸੀ। ਮਹਾਰਾਜਾ ਦੇ ਪਿਤਾ ਸ਼ੁੱਕਰਚੱਕੀਆ ਮਿਸਲ ਨਾਲ ਸੰਬੰਧਿਤ ਸੀ। ਮਹਾਰਾਜਾ ਰਣਜੀਤ ਸਿੰਘ ਛੋਟੀ ਉਮਰ ਵਿੱਚ ਚੇਚਕ ਦੇ ਕਾਰਨ ਇੱਕ ਅੱਖ ਦੀ ਨਜ਼ਰ ਗੁਆ ਚੁੱਕੇ ਸੀ।
ਮਹਾਰਾਜਾ ਰਣਜੀਤ ਸਿੰਘ ਜੀ ਨੇ 10 ਸਾਲ ਦੀ ਉਮਰ ਵਿੱਚ ਹੀ ਆਪਣੇ ਪਿਤਾ ਨਾਲ ਆਪਣੀ ਪਹਿਲੀ ਲੜਾਈ ਲੜੀ। ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ, ਉਨ੍ਹਾਂ ਨੇ ਆਪਣੀ ਜਵਾਨੀ ਵਿੱਚ ਅਫ਼ਗਾਨਾਂ ਨੂੰ ਕੱਢਣ ਲਈ ਕਈ ਲੜਾਈਆਂ ਲੜੀਆਂ, ਅਤੇ 21 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ "ਪੰਜਾਬ ਦੇ ਮਹਾਰਾਜਾ" ਵਜੋਂ ਐਲਾਨ ਕੀਤਾ ਗਿਆ।
ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਸ਼ਰਧਾਂਜਲੀ :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦਿਆ ਸ਼ਰਧਾਂਜਲੀ ਭੇਂਟ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆ ਲਿਖਿਆ ਕਿ, 'ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਸਤਿਕਾਰ ਸਹਿਤ ਪ੍ਰਣਾਮ ਕਰਦਾ ਹਾਂ।'
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਪੰਜਾਬ ਨੂੰ ਦੁਨੀਆਂ ਦੇ ਨਕਸ਼ੇ ‘ਤੇ ਵੱਖਰੀ ਪਹਿਚਾਣ ਦਿੱਤੀ। ਪੰਜਾਬ ‘ਚ ਵੱਸਦੇ ਹਰ ਭਾਈਚਾਰੇ ਨੂੰ ਇੱਕੋ ਧਾਗੇ ‘ਚ ਪਰੋਈ ਰੱਖਿਆ। ਹੱਕ, ਸੱਚ ਤੇ ਇਮਾਨਦਾਰੀ ਦਾ ਰਾਜ ਦਿੱਤਾ। ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਸਤਿਕਾਰ ਸਹਿਤ ਪ੍ਰਣਾਮ ਕਰਦਾ ਹਾਂ। - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਮਹਾਰਾਜਾ ਰਣਜੀਤ ਸਿੰਘ ਦੀਆਂ ਉਪਲਬਧੀਆਂ:-
- ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਪਹਿਲੀ ਜੰਗ ਸਿਰਫ 10 ਸਾਲ ਦੀ ਉਮਰ 'ਚ ਲੜੀ ਸੀ।
- ਮਹਾਰਾਜਾ ਰਣਜੀਤ ਸਿੰਘ ਨੇ ਦੂਜੀਆਂ ਮਿਸਲਾਂ ਦੇ ਸਰਦਾਰਾਂ ਨੂੰ ਬੁਰੀ ਤਰ੍ਹਾਂ ਹਰਾ ਕੇ ਆਪਣੀ ਫੌਜ ਮੁਹਿੰਮ ਸ਼ੁਰੂ ਕੀਤੀ।
- 7 ਜੁਲਾਈ, 1799: ਪਹਿਲੀ ਜਿੱਤ, ਚੇਤ ਸਿੰਘ ਦੀ ਫ਼ੌਜ ਨੂੰ ਹਰਾ ਕੇ ਲਾਹੌਰ 'ਤੇ ਕਬਜ਼ਾ ਕੀਤਾ।
- 12 ਅਪ੍ਰੈਲ 1801: ਮਹਿਜ਼ 20 ਸਾਲ ਦੀ ਉਮਰ 'ਚ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾਇਆ ਗਿਆ।
- ਰਣਜੀਤ ਸਿੰਘ ਨੇ ਆਪਣੀ ਫੌਜ ਨਾਲ 1818 ਵਿੱਚ ਮੁਲਤਾਨ ਅਤੇ 1819 ਵਿੱਚ ਕਸ਼ਮੀਰ ਉੱਤੇ ਕਬਜ਼ਾ ਕਰ ਲਿਆ। ਇਸ ਨੂੰ ਵੀ ਸਿੱਖ ਸਾਮਰਾਜ ਦਾ ਹਿੱਸਾ ਬਣਾਇਆ ਗਿਆ।
- ਮਹਾਰਾਜਾ ਰਣਜੀਤ ਨੇ ਅਫਗਾਨਾਂ ਵਿਰੁੱਧ ਕਈ ਲੜਾਈਆਂ ਵੀ ਲੜੀਆਂ ਅਤੇ ਉਨ੍ਹਾਂ ਨੂੰ ਪੱਛਮੀ ਪੰਜਾਬ ਵੱਲ ਭਜਾ ਦਿੱਤਾ। ਇਸ ਤੋਂ ਬਾਅਦ ਹੀ ਉਸ ਦਾ ਪੇਸ਼ਾਵਰ ਸਮੇਤ ਪਸ਼ਤੂਨ ਖੇਤਰ 'ਤੇ ਅਧਿਕਾਰ ਜਮਾਇਆ।
- ਇਹ ਪਹਿਲੀ ਵਾਰ ਸੀ, ਜਦੋਂ ਪਸ਼ਤੂਨ ਖੇਤਰ 'ਤੇ ਕਬਜ਼ਾ ਕਰਦੇ ਹੀ ਕਿਸੇ ਗੈਰ-ਮੁਸਲਿਮ ਨੇ ਪਸ਼ਤੂਨਾਂ 'ਤੇ ਰਾਜ ਕੀਤਾ। 1813 ਅਤੇ 1837 ਦੇ ਵਿਚਕਾਰ ਅਫਗਾਨਾਂ ਅਤੇ ਸਿੱਖਾਂ ਵਿਚਕਾਰ ਕਈ ਲੜਾਈਆਂ ਹੋਈਆਂ, ਪਰ 1837 ਵਿਚ ਜਮਰੌਦ ਦੀ ਲੜਾਈ ਦੋਵਾਂ ਵਿਚਕਾਰ ਆਖਰੀ ਜੰਗ ਸੀ।
- ਰਣਜੀਤ ਸਿੰਘ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਸੀ। ਇਸ ਲਈ ਉਨ੍ਹਾਂ ਨੇ ਕਦੇ ਵੀ ਕਿਸੇ ਨੂੰ ਸਿੱਖ ਧਰਮ ਪਰਿਵਰਤਨ ਲਈ ਮਜਬੂਰ ਨਹੀਂ ਕੀਤਾ। ਉਹ ਕਹਿੰਦੇ ਸੀ ਕਿ ਰੱਬ ਨੇ ਮੈਨੂੰ ਸਿਰਫ ਇੱਕ ਅੱਖ ਦਿੱਤੀ ਹੈ, ਇਸ ਲਈ ਉਨ੍ਹਾਂ ਨੂੰ ਸਭ ਬਰਾਬਰ ਦਿਖਾਈ ਦਿੰਦੇ ਹਨ।