ਚੰਡੀਗੜ੍ਹ: ਸੈਕਟਰ ਪੱਚੀ ਵੈਸਟ ਦੇ ਸ਼ਮਸ਼ਾਨਘਾਟ ਸਾਹਮਣੇ ਪਈ ਖਾਲੀ ਜ਼ਮੀਨ 'ਤੇ ਮ੍ਰਿਤ ਪਸ਼ੂਆਂ ਨੂੰ ਸਾੜਨ ਦਾ ਪਲਾਂਟ ਸ਼ੁਰੂ ਕੀਤਾ ਜਾਣਾ ਹੈ ਜਿਸ ਨੂੰ ਲੈ ਕੇ ਸਿਆਸਤ ਭੱਖੀ ਪਈ ਹੈ। ਇੱਕ ਪਾਸੇ ਕਾਂਗਰਸੀ ਕੌਂਸਲਰ ਪਲਾਂਟ ਦਾ ਵਿਰੋਧ ਕਰ ਰਹੇ ਹਨ, ਉੱਥੇ ਹੀ ਭਾਜਪਾ ਆਗੂ ਵੀ ਦੱਬੀ ਆਵਾਜ਼ ਵਿੱਚ ਕਹਿ ਰਹੇ ਹਨ ਕਿ ਜੇਕਰ ਪਲਾਂਟ ਪੱਚੀ ਵੈਸਟ ਲਗਾਇਆ ਜਾਂਦਾ ਹੈ ਤਾਂ ਠੀਕ ਹੈ, ਹੋਰ ਕਿਤੇ ਦਾ ਵੀ ਉਹ ਵਿਰੋਧ ਕਰਨਗੇ।
ਇਸ ਬਾਰੇ ਚੰਡੀਗੜ੍ਹ ਦੇ ਸਾਬਕਾ ਮੇਅਰ ਰਾਜੇਸ਼ ਕਾਲੀਆ ਦਾ ਕਹਿਣਾ ਹੈ ਕਿ ਸੈਕਟਰ ਪੱਚੀ ਵੈਸਟ ਵਿਖੇ ਜਿੱਥੇ ਹੁਣ ਖਾਲੀ ਥਾਂ ਨੂੰ ਵਿਚਾਰਿਆ ਗਿਆ ਹੈ ਉੱਥੇ ਹੀ ਮ੍ਰਿਤ ਪਸ਼ੂਆਂ ਦੀ ਦੇਹ ਨੂੰ ਸਾੜਨ ਦਾ ਪਲਾਂਟ ਲੱਗੇਗਾ।
ਸੈਕਟਰ 25 ਵੈਸਟ 'ਚ ਲੱਗੇਗਾ ਮ੍ਰਿਤ ਪਸ਼ੂਆਂ ਨੂੰ ਸਾੜਨ ਦਾ ਪਲਾਂਟ: ਕਾਲੀਆ ਪੱਚੀ ਵੈਸਟ ਵਿਖੇ ਪਲਾਂਟ ਲਗਾਏ ਜਾਣ ਦੇ ਕਾਂਗਰਸ ਦੇ ਵਿਰੋਧ ਬਾਰੇ ਕਾਲੀਆ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਘਟੀਆ ਰਾਜਨੀਤੀ ਕਰਦੀ ਹੈ। ਭਾਜਪਾ ਕੋਈ ਕੰਮ ਕਰੇ, ਕਾਂਗਰਸੀਆਂ ਨੂੰ ਸਹੀ ਨਹੀਂ ਲੱਗਦਾ। ਇਸ ਲਈ ਕਾਂਗਰਸੀ ਕੌਂਸਲਰਾਂ ਦਾ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ।
ਸਾਬਕਾ ਮੇਅਰ ਨੇ ਕਿਹਾ ਕਿ ਪਹਿਲਾਂ ਇਹ ਪਲਾਂਟ ਡੱਡੂਮਾਜਰਾ ਦੇ ਜੇਪੀ ਪਲਾਂਟ ਵਿਖੇ ਲੱਗਣਾ ਸੀ, ਜਿਸ ਦਾ ਕਿ ਵਿਰੋਧ ਜਤਾਇਆ ਗਿਆ ਸੀ। ਉਸ ਤੋਂ ਬਾਅਦ ਇਹ ਪਲਾਂਟ ਇੰਡਸਟਰੀਲ ਏਰੀਏ ਵਿੱਚ ਲਗਾਉਣ ਦਾ ਸੋਚਿਆ ਗਿਆ, ਉੱਥੇ ਵੀ ਕੌਂਸਲਰਾਂ ਨੇ ਇਸ ਦਾ ਵਿਰੋਧ ਕੀਤਾ ਗਿਆ। ਹੁਣ ਪੱਚੀ ਵੈਸਟ ਵਿਖੇ ਸ਼ਮਸ਼ਾਨਘਾਟ ਦੇ ਸਾਹਮਣੇ ਖਾਲੀ ਪਈ ਜ਼ਮੀਨ 'ਤੇ ਇਹ ਪਲਾਂਟ ਲਗਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਸ ਵਿੱਚ ਕਿਸੇ ਵੀ ਕੌਂਸਲਰ ਨੂੰ ਕੋਈ ਪ੍ਰੇਸ਼ਾਨੀ ਹੋ ਸਕਦੀ ਹੈ। ਫਿਰ ਵੀ ਜੇ ਕਿਸੇ ਕੌਂਸਲਰ ਨੂੰ ਕੋਈ ਦਿੱਕਤ ਹੈ ਤਾਂ ਜਾ ਕੇ ਉਸ ਥਾਂ ਦਾ ਮੁਆਇਨਾ ਕਰਕੇ ਆ ਸਕਦੇ ਹਨ ਅਤੇ ਫਿਰ ਇਹ ਸੋਚਿਆ ਜਾ ਸਕਦਾ ਹੈ ਕਿ ਉਹ ਪਲਾਂਟ ਕਿੱਥੇ ਲਗਾਇਆ ਜਾਣਾ ਹੈ।