ਚੰਡੀਗੜ੍ਹ: ਕ੍ਰਿਕਟਰ ਯੁਵਰਾਜ ਸਿੰਘ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਅੰਤਰਿਮ ਰਾਹਤ ਮਿਲੀ ਹੈ। ਹਾਈ ਕੋਰਟ ਵਲੋਂ ਯੁਵਰਾਜ ਸਿੰਘ ਖ਼ਿਲਾਫ਼ ਕਿਸੇ ਵੀ ਕਾਰਵਾਈ ‘ਤੇ ਰੋਕ ਲਗਾ ਦਿੱਤੀ ਹੈ। ਦਰਅਸਲ, ਯੁਵਰਾਜ ਨੇ ਆਪਣੇ ਖਿਲਾਫ਼ ਦਰਜ ਤਾਜ਼ਾ ਐਫ.ਆਈ.ਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਹਾਈਕੋਰਟ ਵੱਲੋਂ ਹਰਿਆਣਾ ਸਰਕਾਰ ਅਤੇ ਸ਼ਿਕਾਇਤਕਰਤਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਯੁਵਰਾਜ ਵਲੋਂ ਸੀਨੀਅਰ ਐਡਵੋਕੇਟ ਪੁਨੀਤ ਬਾਲੀ ਨੇ ਪੱਖ ਪੇਸ਼ ਕੀਤਾ।
ਸ਼ਿਕਾਇਤ ‘ਚ ਯੁਵਰਾਜ ਸਿੰਘ ਵਿਰੁੱਧ ਅਨੁਸੂਚਿਤ ਜਾਤੀਆਂ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਲਗਾਏ ਗਏ ਸਨ। ਇਸ ਮਾਮਲੇ ‘ਚ ਹਾਂਸੀ ਪੁਲਿਸ ਨੇ 14 ਫਰਵਰੀ ਨੂੰ ਯੁਵਰਾਜ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ ਯੁਵਰਾਜ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਆਪਣੇ ਖਿਲਾਫ਼ ਦਾਇਰ ਕੇਸ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ।