ਚੰਡੀਗੜ੍ਹ: ਅਸੀਂ ਅਕਸਰ ਹੀ ਸਿਆਸੀ ਪਾਰਟੀਆਂ ਨੂੰ ਆਹਮੋ ਸਾਹਮਣੇ ਹੁੰਦੇ ਦੇਖਿਆ ਹੈ, ਵੱਖ ਵੱਖ ਸੂਬਿਆਂ ਦੇ ਮੰਤਰੀ ਵੀ ਇੱਕ ਦੂਜੇ ਨਾਲ ਖਹਿਬਾਜ਼ੀ ਕਰਦੇ ਹਨ। ਸਿਆਸਤ ਵਿੱਚ ਸ਼ਬਦੀ ਵਾਰ ਚਲਦੇ ਹਨ ਅਤੇ ਕਦੋਂ ਸਿਆਸੀ ਮੈਦਾਨ ਜੰਗ ਦਾ ਮੈਦਾਨ ਬਣ ਜਾਂਦਾ ਹੈ ਕਿਸੇ ਨੂੰ ਪਤਾ ਤੱਕ ਨਹੀਂ ਲੱਗਦਾ। ਉਥੇ ਹੀ ਹੁਣ ਇਹਨਾਂ ਸਿਆਸੀ ਨੇਤਾਵਾਂ ਨੂੰ ਇੱਕ ਵਾਰ ਫਿਰ ਤੋਂ ਜੰਗ ਦੇ ਮੈਦਾਨ ਵਿੱਚ ਦੇਖਿਆ ਜਾ ਸਕਦਾ ਹੈ, ਪਰ ਇਹ ਮੈਦਾਨ ਸਿਆਸੀ ਨਹੀਂ ਬਲਕਿ ਖੇਡ ਦਾ ਮੈਦਾਨ ਹੋਵੇਗਾ। ਦਰਅਸਲ ਚੰਡੀਗੜ੍ਹ ਕ੍ਰਿਕਟ ਐਸੋਸੀਏਸ਼ਨ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਪਿਛਲੇ ਦਿਨਾਂ ਤੋਂ ਚੰਡੀਗੜ੍ਹ 'ਚ ਸੈਕਟਰ 16 ਦੇ ਕ੍ਰਿਕਟ ਗਰਾਊਂਡ ਵਿੱਚ ਸਟਰੀਟ ਕ੍ਰਿਕਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਤਹਿਤ ਚੰਡੀਗੜ੍ਹ ਕ੍ਰਿਕਟ ਐਸੋਸੀਏਸ਼ਨ ਵੱਲੋਂ ਪ੍ਰਦਰਸ਼ਨੀ ਮੈਚ ਵੀ ਕਰਵਾਏ ਜਾ ਰਹੇ ਹਨ। ਇਸ ਤਹਿਤ 15 ਅਪ੍ਰੈਲ ਯਾਨੀ ਕਿ ਅੱਜ ਸ਼ਾਮ 5:30 ਵਜੇ ਹਰਿਆਣਾ ਸਪੀਕਰ ਇਲੈਵਨ ਅਤੇ ਪੰਜਾਬ ਸਪੀਕਰ ਇਲੈਵਨ ਵਿਚਕਾਰ ਕ੍ਰਿਕਟ ਮੈਚ ਹੋਣ ਜਾ ਰਿਹਾ ਹੈ। ਜਿੱਥੇ ਪੰਜਾਬ ਅਤੇ ਹਰਿਆਣਾ ਦੋਵਾਂ ਦੇ ਵਿਧਾਇਕ ਆਪਸ ਵਿੱਚ ਭਿੜਦੇ ਨਜ਼ਰ ਆਉਣਗੇ।
ਇਹ ਹੋਣਗੇ ਵਿਸ਼ੇਸ਼ ਮਹਿਮਾਨ:ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਵੀ ਪੰਜਾਬ ਅਤੇ ਹਰਿਆਣਾ ਦੇ ਵਿਧਾਇਕਾਂ ਵਿਚਾਲੇ ਹੋਣ ਵਾਲੀ ਇਸ ਲੜਾਈ ਨੂੰ ਦੇਖਣ ਲਈ ਮੁੱਖ ਮਹਿਮਾਨ ਵੱਜੋਂ ਕ੍ਰਿਕਟ ਗਰਾਊਂਡ ਵਿੱਚ ਮੌਜੂਦ ਹੋਣਗੇ। ਇਸ ਦੇ ਇਲਾਵਾ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਜੈਰਾਮ ਠਾਕੁਰ ਵੀ ਵਿਸ਼ੇਸ਼ ਮਹਿਮਾਨ ਵੱਜੋਂ ਚੰਡੀਗੜ੍ਹ ਸੈਕਟਰ 16 ਦੀ ਗਰਾਊਂਡ ਵਿੱਚ ਹੀ ਨਜ਼ਰ ਆਉਣਗੇ, ਜਿਥੇ ਮੈਚ ਦੌਰਾਨ ਦਰਸ਼ਕਾਂ ਦੀ ਗੈਲਰੀ ਵਿੱਚ ਬੈਠ ਕੇ ਖੇਡ ਦਾ ਆਨੰਦ ਲੈਂਦੇ ਨਜ਼ਰ ਆਉਣਗੇ। ਇਥੇ ਦੱਸਣਯੋਗ ਹੈ ਕਿ ਵਿਧਾਇਕਾਂ ਵਿਚਾਲੇ ਇਹ ਮੈਚ ਯੂਟੀ ਕ੍ਰਿਕਟ ਐਸੋਸੀਏਸ਼ਨ ਚੰਡੀਗੜ੍ਹ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:KKR vs SRH IPL 2023: ਰੋਮਾਂਚਕ ਮੁਕਾਬਲੇ ਵਿੱਚ 23 ਦੌੜਾਂ ਨਾਲ ਹਾਰੀ KKR, SRH ਨੇ ਜਿੱਤਿਆ ਸੀਜ਼ਨ ਦਾ ਦੂਜਾ ਮੈਚ
ਵਿਧਾਇਕਾਂ ਵਿਚਾਲੇ ਜੰਗ ਦਾ ਮੈਦਾਨ:ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਕ੍ਰਿਕਟ ਐਸੋਸੀਏਸ਼ਨ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਚੰਡੀਗੜ੍ਹ ਦੇ ਸੈਕਟਰ 16 ਦੇ ਮੈਦਾਨ ਵਿੱਚ ਗਲੀ ਕ੍ਰਿਕਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੁਕਾਬਲੇ ਦਾ ਉਦੇਸ਼ ਨੌਜਵਾਨਾਂ ਨੂੰ ਲੈਵਲ ਪਲੇਇੰਗ ਫੀਲਡ ਵਿੱਚ ਲਿਆਉਣਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਇਸ ਤਹਿਤ ਉਨ੍ਹਾਂ ਵੱਲੋਂ ਸਟਰੀਟ ਕ੍ਰਿਕਟ ਟੂਰਨਾਮੈਂਟ ਦੌਰਾਨ ਪ੍ਰਦਰਸ਼ਨੀ ਮੈਚ ਵੀ ਕਰਵਾਏ ਜਾ ਰਹੇ ਹਨ। ਇਨ੍ਹਾਂ ਹੀ ਦਿਨਾਂ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਦੇ ਜੱਜਾਂ ਅਤੇ ਵਕੀਲਾਂ ਦਾ ਮੈਚ ਹੋਵੇਗਾ। ਇਹ ਮੈਚ ਦੇਖਿਆ ਜਾਵੇ ਤਾਂ ਉਸ ਵੇਲੇ ਹੋ ਰਿਹਾ ਹੈ ਜਦ ਦੋਵਾਂ ਰਾਜਾਂ ਦਰਮਿਆਨ ਕਈ ਮੁੱਦਿਆਂ 'ਤੇ ਆਪਸੀ ਟਕਰਾਅ ਹੁੰਦਾ ਹੈ। ਅਜਿਹੇ 'ਚ ਅੱਜ ਇਨ੍ਹਾਂ ਦੋਵਾਂ ਰਾਜਾਂ ਦੇ ਵਿਧਾਇਕਾਂ ਵਿਚਾਲੇ ਜੰਗ ਦਾ ਮੈਦਾਨ ਬਣਿਆ ਹੋਇਆ ਹੈ ਅਤੇ ਦੋਵਾਂ ਸੂਬਿਆਂ ਦੇ ਵਿਧਾਇਕ ਆਪਸ 'ਚ ਭਿੜਨ ਲਈ ਤਿਆਰ ਹਨ। ਜਿੱਥੇ ਵਿਧਾਇਕ ਇਕ ਦੂਜੇ ਨੂੰ ਮਾਤ ਦੇਣ ਲਈ ਪਸੀਨਾ ਵਹਾਉਣ ਲਈ ਤਿਆਰ ਹਨ।