ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਵਿੱਚ ਸਿਆਸੀ ਰੈਲੀਆਂ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਸੂਬੇ ਵਿੱਚ ਤੇਜ਼ੀ ਨਾਲ ਫੈਲ ਰਹੀ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਲਿਆ ਗਿਆ। ਮੰਗਲਵਾਰ ਨੂੰ ਮੁੱਖ ਮੰਤਰੀ ਅਧਿਕਾਰੀਆਂ ਨਾਲ ਕੋਵਿਡ-19 ਮਹਾਂਮਾਰੀ ਦੀ ਸਮੀਖਿਆ ਮੀਟਿੰਗ ਕੀਤੀ ਗਈ, ਜਿਸ ਦੌਰਾਨ 85 ਫੀਸਦੀ ਯੂਕੇ ਸਟ੍ਰੇਨ ਦੇ ਮਾਮਲਿਆਂ ਵਿੱਚ ਇਜ਼ਾਫ਼ਾ ਹੋਣ ਬਾਰੇ ਰਿਪੋਰਟ ਸਾਹਮਣੇ ਆਈ। ਉਪਰੰਤ ਮੁੱਖ ਮੰਤਰੀ ਵੱਲੋਂ ਸੂਬੇ ਭਰ ਵਿੱਚ ਇਹ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੇਤਾਵਾਂ ਸਮੇਤ ਸਮੂਹ ਉਪਰ ਡੀ.ਐੱਮ.ਏ ਅਤੇ ਐਪੀਡੈਮਿਕਸ ਐਕਟ ਤਹਿਤ ਕੇਸ ਦਰਜ ਕਰਨ ਦੇ ਹੁਕਮ ਵੀ ਦਿੱਤੇ ਹਨ।
ਸੂਬੇ ਭਰ ਵਿੱਚ ਕਰਫ਼ਿਊ
ਇਸਦੇ ਨਾਲ ਹੀ ਸੂਬੇ ਭਰ ਵਿੱਚ 30 ਅਪ੍ਰੈਲ ਤੱਕ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਦਾ ਐਲਾਨ ਕੀਤਾ ਹੈ। ਇਸਤੋਂ ਪਹਿਲਾਂ ਇਹ ਕਰਫ਼ਿਊ 12 ਜ਼ਿਲ੍ਹਿਆਂ ਵਿੱਚ ਲਾਇਆ ਗਿਆ ਸੀ।
30 ਅਪ੍ਰੈਲ ਤੱਕ ਸਕੂਲ ਕਾਲਜ ਬੰਦ
ਹੁਕਮਾਂ ਵਿੱਚ 30 ਅਪ੍ਰੈਲ ਤੱਕ ਸੂਬੇ ਭਰ ਦੇ ਸਾਰੇ ਸਕੂਲ-ਕਾਲਜ ਬੰਦ ਰੱਖਣ ਲਈ ਕਿਹਾ ਗਿਆ ਹੈ। ਇਸਦੇ ਨਾਲ ਹੀ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ।