ਚੰਡੀਗੜ੍ਹ: ਚੰਡੀਗੜ੍ਹ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਜਿਸ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਰੋਕਣ ਲਈ ਕਈ ਸਖ਼ਤ ਕਦਮ ਚੁੱਕਣ ਜਾ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਰੈਸਟੋਰੈਂਟਾਂ, ਮੈਰਿਜ ਹਾਲ ਪਾਰਟੀ, ਵਿਆਹ ਸਮਾਗਮ ਅਤੇ ਹੋਰ ਸਮਾਗਮਾਂ ਨੂੰ ਲੈਕੇ ਕਈ ਨਿਯਮ ਤੈਅ ਕੀਤੇ ਗਏ ਹਨ ਤਾਂ ਜੋ ਇੱਕ ਥਾਂ 'ਤੇ ਜਿਆਦਾ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਿਆ ਜਾ ਸਕੇ।
ਇਨ੍ਹਾਂ ਨਿਯਮਾਂ ਤਹਿਤ ਕਲੱਬ, ਬਾਰ, ਹੋਟਲ ਅਤੇ ਰੈਸਟੋਰੈਂਟ ਦੇ ਮਾਲਕਾਂ ਨਾਲ ਮੀਟਿੰਗ ਕਰਦਿਆਂ ਹਦਾਇਤ ਕੀਤੀ ਗਈ ਕਿ ਪ੍ਰਸ਼ਾਸਨ ਦੀ ਮਨਜ਼ੂਰੀ ਤੋਂ ਬਿਨ੍ਹਾਂ ਕਿਸੇ ਵੀ ਗਾਇਕ ਨੂੰ ਕਲੱਬ ਨਾ ਬੁਲਾਇਆ ਜਾਵੇ। ਗਾਇਕਾਂ ਦੀ ਆਮਦ ਕਾਰਨ ਕਲੱਬ ਵਿੱਚ ਬਹੁਤ ਭੀੜ ਹੋ ਜਾਂਦੀ ਹੈ। ਇਸ ਭੀੜ ਨੂੰ ਘਟਾਉਣ ਲਈ ਇਹ ਫੈਸਲਾ ਲਿਆ ਗਿਆ ਹੈ।
ਯੂਟੀ ਪ੍ਰਸ਼ਾਸਨ ਪਹਿਲਾਂ ਹੀ ਆਊਟਡੋਰ 'ਚ ਵਿਆਹ ਜਾਂ ਹੋਰ ਸਮਾਗਮ 'ਚ 200 ਤੋਂ ਵੱਧ ਅਤੇ ਹੋਟਲ ਦੇ ਅੰਦਰ ਜਾਂ ਹਾਲ ਵਿੱਚ ਕਿਸੇ ਵੀ ਸਮਾਗਮ 'ਚ 100 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਹਿਲਾਂ ਹੀ ਪਾਬੰਦੀ ਲਾ ਚੁੱਕਾ ਹੈ। ਹੁਣ ਮੰਗਲਵਾਰ ਨੂੰ ਇਹ ਫੈਸਲਾ ਲਿਆ ਗਿਆ ਹੈ ਕਿ ਗਾਹਕਾਂ ਨੂੰ ਹੋਟਲ ਅਤੇ ਰੈਸਟੋਰੈਂਟਾਂ 'ਚ ਉਪਲੱਬਧ ਅੱਧੀਆਂ ਸੀਟਾਂ 'ਤੇ ਬੈਠਣ ਦੀ ਇਜ਼ਾਜ਼ਤ ਦਿੱਤੀ ਜਾਵੇਗੀ। ਕੋਵਿਡ ਦੇ ਖਤਰੇ ਦੇ ਮੱਦੇਨਜ਼ਰ ਅੱਧੀਆਂ ਸੀਟਾਂ ਖਾਲੀ ਰੱਖੀਆਂ ਜਾਣਗੀਆਂ।