ਚੰਡੀਗੜ੍ਹ ਡੈਸਕ : ਪਾਕਿਸਤਾਨ ਵਿੱਚ ਹਿੰਦੂ ਕੁੜੀਆਂ ਦੇ ਜਬਰੀ ਧਰਮ ਪਰਿਵਰਤਨ ਦੀਆਂ ਖ਼ਬਰਾਂ ਹਰ ਰੋਜ਼ ਸੁਣਨ ਨੂੰ ਮਿਲਦੀਆਂ ਹਨ। ਇਥੇ ਘੱਟ-ਗਿਣਤੀ ਸਮੂਹਾਂ ਵਿਰੁੱਧ ਅਪਰਾਧ ਬੇਖੌਫ ਤੇ ਬੇਰੋਕ ਜਾਰੀ ਹਨ। ਪਿਛਲੇ ਦਿਨੀਂ ਕਰੋੜਾਂ ਰੁਪਏ ਦੀ ਜਾਇਦਾਦ ਲਈ ਮੰਦਰ ਨੂੰ ਢਾਹ ਦਿੱਤਾ ਗਿਆ ਸੀ। ਹੁਣ ਇਥੋਂ ਤਿੰਨ ਹਿੰਸੂ ਲੜਕੀਆਂ ਦੇ ਧਰਮ ਪਰਿਵਰਤਨ ਕਰਵਾ ਕੇ ਉਨ੍ਹਾਂ ਨੂੰ ਜਬਰੀ ਇਸਲਾਮ ਕਬੂਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਘੱਟ ਗਿਣਤੀ ਵਰਗ ਦੇ ਪੀੜਤ ਪਰਿਵਾਰਾਂ ਨੇ ਭਾਰਤ ਸਰਕਾਰ ਪਾਸੋਂ ਮਦਦ ਦੀ ਅਪੀਲ ਕੀਤੀ ਹੈ। ਇਸ ਮਾਮਲੇ ਉਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕੇ ਵਿਦੇਸ਼ ਮੰਤਰਾਲੇ ਨੂੰ ਦਖ਼ਲ ਦੇਣ ਲਈ ਕਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਧਰਮ ਪਰਿਵਰਤਨ ਦੀ ਇਹ ਘਟਨਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਜ਼ਿਲ੍ਹਾ ਰਹੀਮ ਯਾਰ ਖਾਨ ਦੀ ਦੱਸੀ ਜਾ ਰਹੀ ਹੈ। ਪਰਮੀਸ਼, ਰੋਸ਼ਨੀ ਅਤੇ ਚਾਂਦਨੀ, 16 ਸਾਲ ਅਤੇ ਇਸ ਤੋਂ ਘੱਟ ਉਮਰ ਦੀਆਂ 3 ਲੜਕੀਆਂ, ਜੋ ਕਿ ਪੰਜਾਬ ਸੂਬੇ ਦੇ ਸਾਦਿਕਾਬਾਦ ਵਿੱਚ ਰਹਿਣ ਵਾਲੇ ਹਿੰਦੂ ਪਰਿਵਾਰ ਨਾਲ ਸਬੰਧਤ ਸਨ, ਨੂੰ ਅਗਵਾ ਕਰ ਲਿਆ ਗਿਆ ਸੀ। ਪਰਿਵਾਰ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਉਨ੍ਹਾਂ ਦੀਆਂ ਧੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾਵੇਗਾ।
ਕਦੇ ਪਾਕਿਸਤਾਨ 'ਚ ਮੰਦਰਾਂ 'ਤੇ ਹਮਲੇ... ਤੇ ਕਦੇ ਘੱਟਗਿਣਤੀ ਭਾਈਚਾਰੇ ਦੀਆਂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਤੇ ਵਿਆਹ! ਸਾਦਿਕਾਬਾਦ, ਜ਼ਿਲ੍ਹਾ ਰਹੀਮ ਯਾਰ ਖਾਨ, ਪੰਜਾਬ ਦੇ ਹਿੰਦੂ ਲੇਹਲਾਰਾਮ ਪੰਨਵਾਰ ਦੀਆਂ ਤਿੰਨ ਲੜਕੀਆਂ ਪਰਮੀਸ਼, ਰੋਸ਼ਨੀ ਅਤੇ ਚਾਂਦਨੀ, ਜਿਨ੍ਹਾਂ ਦੀ ਉਮਰ 16 ਸਾਲ ਅਤੇ ਇਸ ਤੋਂ ਘੱਟ ਹੈ, ਨੂੰ 60 ਕਿਲੋਮੀਟਰ ਦੂਰ ਡਹਰਕੀ ਵਿੱਚ ਪੀਰ ਮੀਆਂ ਜਾਵੇਦ ਅਹਿਮਦ ਕਾਦਰੀ ਦੇ ਘਰ ਵਿੱਚ ਕੈਦ ਕਰ ਲਿਆ ਗਿਆ ਅਤੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਇਆ ਗਿਆ। ਇਨ੍ਹਾਂ ਲੜਕੀਆਂ ਦੇ ਪਰਿਵਾਰ ਵਾਰ-ਵਾਰ ਮੇਰੇ ਨਾਲ ਸੰਪਰਕ ਕਰ ਰਹੇ ਹਨ ਅਤੇ ਮਦਦ ਲਈ ਬੇਨਤੀ ਕਰ ਰਹੇ ਹਨ। @MEAIindia ਭਾਰਤ ਸਰਕਾਰ ਨੂੰ ਪਾਕਿਸਤਾਨ ਦੇ ਇਨ੍ਹਾਂ ਘੱਟ ਗਿਣਤੀ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। -ਮਨਜਿੰਦਰ ਸਿੰਘ ਸਿਰਸਾ, ਭਾਜਪਾ ਆਗੂ