ਹੈਦਰਾਬਾਦ ਡੈਸਕ: ਘੱਟ ਗਿਣਤੀ ਆਯੋਗ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਬਿਆਨ ਦਿੱਤਾ ਸੀ ਕਿ (Master Tara Singh Controversy) ਮਾਸਟਰ ਤਾਰਾ ਸਿੰਘ ਨੇ ਜੇਲ੍ਹ ਦੌਰਾਨ ਮਹਾਤਮਾ ਗਾਂਧੀ ਕਤਲ ਕਾਂਡ (Mahatma Gandhi assassination case) ਸੰਬੰਧੀ ਵੀਰ ਸਾਵਰਕਰ ਦੀ ਮਦਦ ਕੀਤੀ ਸੀ। ਜਿਸ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ। ਉਨ੍ਹਾਂ ਦੇ ਇਸ ਬਿਆਨ ’ਤੇ ਵਿਵਾਦ ਛਿੜ ਗਿਆ ਹੈ। ਹੁਣ ਮਾਸਟਰ ਤਾਰਾ ਸਿੰਘ ਦੀ ਦੋਹਤੀ ਕਿਰਨਜੋਤ ਕੌਰ ਨੇ ਇਸ ਬਿਆਨ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਬਿਆਨ ਯਕੀਨ ਦੇ ਕਾਬਲ ਨਹੀਂ ਹੈ। ਦੱਸ ਦੇਈਏ ਕਿ ਤਰਲੋਚਨ ਸਿੰਘ ਨੇ ਇਹ ਬਿਆਨ ਉਸ ਸਮੇਂ ਦਿੱਤਾ ਜਦੋਂ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ‘ ਮੋਦੀ ਅਤੇ ਸਿੱਖ’ ਨਾਂਅ ਦੀ ਕਿਤਾਬ ਦਾ ਵਿਮੋਚਨ ਕਰ ਰਹੇ ਸਨ। ਇਸ ਬਿਆਨ ਬਾਰੇ ਮੌਕੇ ’ਤੇ ਤਾਂ ਕੋਈ ਵਿਵਾਦ ਨਹੀਂ ਹੋਇਆ, ਪਰ ਹੁਣ ਪੰਜਾਬ ਵਿੱਚ ਇਸ ਸੰਬੰਧੀ ਬਹਿਸ ਛਿੜ ਗਈ ਹੈ।
ਮਾਸਟਰ ਤਾਰਾ ਸਿੰਘ ਦੀ ਦੋਹਤੀ ਨੇ ਕੀਤਾ ਵਿਰੋਧ: ਮਾਸਟਰ ਤਾਰਾ ਸਿੰਘ ਦੀ ਦੋਹਤੀ ਅਤੇ ਐਸਜੀਪੀਸੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ (SGPC member Bibi Kiranjot Kaur) ਨੇ ਤਰਲੋਚਨ ਸਿੰਘ ਦੇ ਇਸ ਬਿਆਨ ਦਾ ਡੱਟ ਕੇ ਵਿਰੋਧ ਕੀਤਾ ਹੈ। ਤਰਲੋਚਨ ਸੰਘ ਨੇ ਕਿਹਾ ਸੀ ਕਿ 30 ਜਨਵਰੀ 1948 ਨੂੰ ਗਾਂਧੀ ਜੀ ਦੀ ਹੱਤਿਆ ਹੋ ਗਈ। ਉਸ ਸਮੇਂ ਜਿਹੜੇ ਨੇਤਾ ਗ੍ਰਿਫ਼ਤਾਰ ਕੀਤੇ ਗਏ, ਉਨ੍ਹਾਂ ਵਿੱਚ ਵੀਰ ਸਾਵਰਕਰ ਵੀ ਸ਼ਾਮਲ ਸਨ। ਇਹ ਮੁਕੱਦਮਾ ਦਿੱਲੀ ਦੇ ਲਾਲ ਕਿਲੇ ਵਿੱਚ ਚਲਾਇਆ ਗਿਆ ਸੀ। ਗੋਡਸੇ ਵੀ ਆਰੋਪੀਆਂ ਵਿੱਚ ਸ਼ਾਮਲ ਸੀ। ਆਰਐਸਐਸ ’ਤੇ ਵੀ ਪਾਬੰਦੀ ਲਾਉਣ ਦੇ ਹੁਕਮ ਸਨ। ਸਰਕਾਰ ਦੀ ਨੀਤੀ ਕਾਰਣ ਉਸ ਸਮੇਂ ਹੋਰ ਨੇਤਾ ਤਾਂ ਛੁਪ ਗਏ, ਪਰ ਮਾਸਟਰ ਤਾਰਾ ਸਿੰਘ ਨੇ ਵੀਰ ਸਾਵਰਕਰ ਦੀ ਮਦਦ ਦਾ ਐਲਾਨ ਕਰ ਦਿੱਤਾ।
ਕਾਂਗਰਸ ਵੀ ਸੀ ਨਜਾਜ਼!:ਤਰਲੋਚਨ ਸਿੰਘ ਨੇ ਕਿਹਾ ਸੀ ਕਿ ਮਾਸਟਰ ਜੀ ਨੇ ਉਦੋਂ ਬਿਆਨ ਦਿੱਤਾ ਸੀ ਕਿ ਸਾਵਰਕਰ ਨਿਰਦੋਸ਼ ਹਨ। ਉਹ ਮਹਾਤਮਾ ਗਾਂਧੀ ਦੇ ਵਿਰੋਧ ਵਿੱਚ ਜ਼ਰੂਰ ਹਨ, ਪਰ ਉਨ੍ਹਾਂ ਦੀ ਹੱਤਿਆ ਵਿੱਚ ਸ਼ਾਮਲ ਨਹੀਂ ਹੋ ਸਕਦੇ। ਮਾਸਟਰ ਜੀ ਖ਼ੁਦ ਦਿੱਲੀ ਪਹੁੰਚੇ ਅਤੇ ਵਕੀਲ ਖੜੇ ਕੀਤੇ। ਸਾਰਾ ਖਰਚਾ ਵੀ ਆਪਣੇ ਕੋਲੋਂ ਕੀਤਾ। ਉਦੋਂ ਕਾਂਗਰਸ ਸਰਕਾਰ ਨੇ ਵੀ ਇਸ ਗੱਲ ’ਤੇ ਇਤਰਾਜ਼ ਜਤਾਇਆ ਸੀ। ਜਦੋਂ ਤੱਕ ਸਾਵਰਕਰ ਬਰੀ ਨਹੀਂ ਹੋ ਗਏ, ਮਾਸਟਰ ਜੀ ਉਨ੍ਹਾਂ ਦੀ ਮਦਦ ਕਰਦੇ ਰਹੇ।