ਚੰਡੀਗੜ੍ਹ ਡੈਸਕ :ਰਾਜਸਥਾਨ ਵਿੱਚ ਕਾਂਗਰਸ ਸਰਕਾਰ ਵਿੱਚ ਮੰਤਰੀ ਰਾਜੇਂਦਰ ਗੁੜਾ ਵੱਲੋਂ ਇਕ ਵਾਰ ਫਿਰ ਵਿਵਾਦ ਖੜ੍ਹਾ ਕਰਨ ਵਾਲਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਦੇ ਇਸ ਬਿਆਨ ਦੀ ਚੁਤਰਫੋਂ ਨਿਖੇਧੀ ਹੋ ਰਹੀ ਹੈ। ਗੁੜਾ ਦਾ ਇਹ ਬਿਆਨ ਲਗਾਤਾਰ ਵਾਇਰਲ ਵੀ ਹੋ ਰਿਹਾ ਹੈ। ਦਰਅਸਲ ਇਕ ਸੰਬੋਧਨ ਦੌਰਾਨ ਮਾਤਾ ਸੀਤਾ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸੀਤਾ ਮਾਤਾ ਬਹੁਤ ਸੁੰਦਰ ਸਨ, ਇਸੇ ਕਰਕੇ ਭਗਵਾਨ ਰਾਮ ਅਤੇ ਰਾਵਣ ਉਨ੍ਹਾਂ ਦੀ ਸੁੰਦਰਤਾ ਕਰਕੇ ਪਾਗਲ ਸਨ। ਇਸ ਬਿਆਨ ਦਾ ਬੀਜੇਪੀ ਨੇ ਕਰੜਾ ਵਿਰੋਧ ਕੀਤਾ ਹੈ।
ਕਾਂਗਰਸ ਦੇ ਮੰਤਰੀ ਦਾ ਫਿਰ ਰੱਫੜ ਵਾਲਾ ਬਿਆਨ- ਕਿਹਾ-'ਸੀਤਾ ਸੋਹਣੀ ਸੀ ਇਸੇ ਲਈ ਰਾਮ ਤੇ ਰਾਵਣ ਉਸਦੇ ਪਿੱਛੇ ਪਾਗਲ ਸੀ... - Controversial statement about Sita Mata
ਰਾਜਸਥਾਨ ਵਿੱਚ ਕਾਂਗਰਸ ਦੇ ਆਗੂ ਰਾਜੇਂਦਰ ਗੁੜਾ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਦੇ ਬਿਆਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਸਖਤ ਵਿਰੋਧ ਜਤਾਇਆ ਜਾ ਰਿਹਾ ਹੈ।
ਭਾਰਤੀ ਜਨਤਾ ਪਾਰਟੀ ਨੇ ਕੀਤਾ ਵਿਰੋਧ :ਦਰਅਸਲ ਰਾਜੇਂਦਰ ਗੁੜਾ ਵੱਲੋਂ ਦਿੱਤੇ ਇਸ ਬਿਆਨ ਦੀ ਬੀਜੇਪੀ ਨੇ ਨਿਖੇਧੀ ਕੀਤੀ ਹੈ। ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਾਂਗਰਸ ਦਾ ਅਸਲ ਹਿੰਦੂ ਵਿਰੋਧੀ ਚਿਹਰਾ ਇਸ ਬਿਆਨ ਤੋਂ ਬਾਅਦ ਜਗਜਾਹਿਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪਹਿਲਾਂ ਵੀ ਭਗਵਾਨ ਰਾਮ ਦੀ ਹੋਂਦ ਨੂੰ ਲੈ ਕੇ ਗੰਭੀਰ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਰਾਮ ਮੰਦਰ ਅਤੇ ਹਿੰਦੂ ਅੱਤਵਾਦ ਦੀ ਵੀ ਕਾਂਗਰਸ ਹਮੇਸ਼ਾ ਗੱਲ ਕਰਦੀ ਰਹੀ ਹੈ। ਭਾਜਪਾ ਨੇ ਅਸ਼ੋਕ ਗਹਿਲੋਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਵਿਵਾਦ ਵਾਲੇ ਬਿਆਨ ਦੇ ਰਚਣਹਾਰੇ ਨੂੰ ਬਿਨਾਂ ਦੇਰੀ ਬਰਖਾਸਤ ਕੀਤਾ ਜਾਵੇ।
ਇਹ ਕੋਈ ਪਹਿਲਾ ਬਿਆਨ ਨਹੀਂ :ਇਹ ਵੀ ਚੇਤੇ ਰੱਖਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਜੇਂਦਰ ਗੁੜਾ ਵਿਵਾਦਿਤ ਬੋਲ ਬੋਲਦੇ ਰਹੇ ਹਨ। ਇਸੇ ਕਾਰਨ ਇਨ੍ਹਾਂ ਦੀ ਚਰਚਾ ਵੀ ਹੁੰਦੀ ਰਹੀ ਹੈ। ਇਨ੍ਹਾਂ ਵੱਲੋਂ ਇਕ ਵਾਰ ਬਿਆਨ ਦਿੱਤਾ ਗਿਆ ਸੀ ਕਿ ਉਨ੍ਹਾਂ ਦੇ ਇਲਾਕੇ ਦੀਆਂ ਸੜਕਾਂ ਨੂੰ ਅਦਾਕਾਰਾ ਕੈਟਰੀਨਾ ਕੈਫ ਦੀਆਂ ਗੱਲ੍ਹਾਂ ਵਰਗੀਆਂ ਬਣਾਉਣੀਆਂ ਪੈਣੀਆਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਹੇਮਾ ਮਾਲਿਨੀ ਦੇ ਗੱਲ੍ਹਾਂ ਦੀ ਗੱਲ ਕੀਤੀ ਸੀ। ਪਰ ਫਿਰ ਕਿਹਾ ਕਿ ਹੇਮਾ ਹੁਣ ਬਜੁਰਗ ਹੋ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਇਕ ਵਾਰ ਇਹ ਬਿਆਨ ਵੀ ਆਇਆ ਸੀ ਕਿ ਜੇਕਰ ਅਸ਼ੋਕ ਗਹਿਲੋਤ ਨੇ ਮਾਂ ਦਾ ਦੁੱਧ ਪੀਤਾ ਹੈ ਤਾਂ ਪਾਇਲਟ ਖ਼ਿਲਾਫ਼ ਕਾਰਵਾਈ ਕਰਨ।