ਚੰਡੀਗੜ੍ਹ :ਸੂਬੇ ਵਿੱਚ ‘ਨਵੇਂ ਯੁੱਗ ਦੀ ਸ਼ੁਰੂਆਤ’ ਦੀ ਦਿਸ਼ਾ ਵਿੱਚ ਕਦਮ ਪੁੱਟਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ 12,710 ਠੇਕਾ ਆਧਾਰਤ ਅਧਿਆਪਕਾਂ ਨੂੰ ਰੈਗੂਲਰ ਨਿਯੁਕਤੀ ਦੇ ਪੱਤਰ ਸੌਂਪ ਕੇ ਅਧਿਆਪਕ ਵਰਗ ਨਾਲ ਕੀਤੇ ਵੱਡੇ ਵਾਅਦਾ ਨੂੰ ਪੂਰਾ ਕਰ ਦਿਖਾਇਆ ਹੈ। ਚੰਡੀਗੜ੍ਹ ਵਿੱਚ ਟੈਗੋਰ ਥੀਏਟਰ ਵਿਖੇ ਹੋਏ ਇਕ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਬਾਅਦ ਸਾਰੀਆਂ ਕਾਨੂੰਨੀ ਅਤੇ ਪ੍ਰਸ਼ਾਸਨਿਕ ਅੜਚਣਾਂ ਨੂੰ ਪਾਰ ਕਰਦਿਆਂ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ `ਤੇ ਜ਼ੋਰ ਦਿੱਤਾ ਹੈ।ਭਗਵੰਤ ਮਾਨ ਨੇ ਕਿਹਾ ਕਿ ਇਸ ਫੈਸਲੇ ਦਾ ਮੰਤਵ ਅਧਿਆਪਕਾਂ ਦੇ ਸੁਰੱਖਿਅਤ ਭਵਿੱਖ ਨੂੰ ਯਕੀਨੀ ਬਣਾਉਣਾ ਹੈ ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਜੇ ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਹੈ ਤਾਂ ਹੀ ਉਹ ਵਿਦਿਆਰਥੀਆਂ ਦੀ ਕਿਸਮਤ ਨੂੰ ਬਦਲ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੇ ਗਏ ਠੋਸ ਉਪਰਾਲਿਆਂ ਸਦਕਾ ਹੀ ਅੱਜ ਇਹ ਇਤਿਹਾਸਕ ਦਿਨ ਦੇਖਣ ਨੂੰ ਮਿਲ ਰਿਹਾ ਹੈ।
ਸੀਐਮ ਮਾਨ ਨੇ ਕੀਤਾ ਟਵੀਟ :ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਬੰਧੀ ਟਵੀਟ ਕਰਦਿਆ ਲਿਖਿਆ ਕਿ ਅੱਜ ਪੰਜਾਬ ਲਈ ਇਤਿਹਾਸਿਕ ਦਿਨ ਹੈ। ਅੱਜ ਸੰਘਰਸ਼ ਕਰ ਰਹੇ ਕੱਚੇ ਅਧਿਆਪਿਕਾ ਦੇ ਅੱਗੋ ਕੱਚਾ ਸ਼ਬਦਾ ਹਟਾ ਦਿੱਤਾ ਜਾਵੇਗਾ।
ਅੱਜ ਦਾ ਦਿਨ ਪੰਜਾਬ ਲਈ ਇਤਿਹਾਸਕ ਹੈ। ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਦੇ ਅੱਗੋਂ 'ਕੱਚਾ' ਸ਼ਬਦ ਹਟਾਉਣ ਜਾ ਰਹੇ ਹਾਂ। ਚੰਡੀਗੜ੍ਹ ਵਿਖੇ ਇੱਕ ਸਮਾਗਮ 'ਚ ਅੱਜ ਮੈਂ 12,500 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇਵਾਂਗਾ। ਵਾਅਦੇ ਮੁਤਾਬਕ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਰਹੇ ਹਾਂ ਉਹ ਵੀ ਸਾਰੀਆਂ ਕਾਨੂੰਨੀ ਅੜਚਣਾ ਦੂਰ ਕਰਕੇ, ਜੋ ਕਹਿੰਦੇ ਹਾਂ, ਉਹ ਕਰਦੇ ਹਾਂ। - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਪੰਜਾਬ ਸਰਕਾਰ ਦੀ ਨਵੀਂ ਰੈਗੂਲਰਾਈਜ਼ੇਸ਼ਨ ਨੀਤੀ:ਕਰੀਬ ਦੋ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਸੂਬੇ ਵਿੱਚ ਐਡਹਾਕ, ਠੇਕਾ ਆਧਾਰਿਤ, ਦਿਹਾੜੀਦਾਰ, ਵਰਕਚਾਰਜ ਅਤੇ ਆਰਜ਼ੀ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਸੀ। ਇਸ ਦੇ ਲਈ ਸੂਬਾ ਸਰਕਾਰ ਨੇ ਨਵੀਂ ਨੀਤੀ ਤਿਆਰ ਕੀਤੀ ਹੈ। ਇਸ ਤਹਿਤ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਗੱਲ ਕਹੀ ਗਈ।
ਸਿੱਖਿਆ ਵਲੰਟੀਅਰਾਂ ਦੀ ਵਧਾਈ ਗਈ ਸੀ ਤਨਖਾਹ : ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਆਪਣੇ ਉਹਨਾਂ ਵਾਅਦਿਆਂ ਨੂੰ ਸਮੇਂ ਸਮੇਂ ਉਤੇ ਪੂਰਾ ਕਰ ਰਹੀ ਹੈ। ਹਾਲ ਹੀ 'ਚ ਪੰਜਾਬ ਸਰਕਾਰ ਵੱਲੋਂ 6,137 ਸਿੱਖਿਆ ਵਲੰਟੀਅਰਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਗਿਆ ਸੀ। ਜਿੱਥੇ ਉਨ੍ਹਾਂ ਦੀ ਤਨਖ਼ਾਹ 3500 ਰੁਪਏ ਸੀ, ਉਸ ਨੂੰ ਵਧਾ ਕੇ 15,000 ਰੁਪਏ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸਿੱਖਿਆ ਗਾਰੰਟੀ ਸਕੀਮ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵੀ ਵਾਧਾ ਕੀਤਾ ਗਿਆ। ਜਿਸ ਦੀ ਤਨਖਾਹ 6000 ਰੁਪਏ ਸੀ, ਉਸ ਨੂੰ ਵਧਾ ਕੇ 18000 ਰੁਪਏ ਕਰ ਦਿੱਤਾ ਗਿਆ। ਸਿੱਖਿਆ ਪ੍ਰੋਵਾਈਡਰਾਂ ਦੀ ਤਨਖਾਹ 10,250 ਤੋਂ ਵਧਾ ਕੇ 22 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਹੁਣ ਸਾਰੇ ਕਰਮਚਾਰੀ 58 ਸਾਲ ਤੱਕ ਕੰਮ ਕਰ ਸਕਣਗੇ ਅਤੇ ਉਨ੍ਹਾਂ ਦੀ ਛੁੱਟੀ ਦੇ ਪੈਸੇ ਨਹੀਂ ਕੱਟੇ ਜਾਣਗੇ।
ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਟੀਮ ਸਿੰਗਾਪੁਰ ਲਈ ਰਵਾਨਾ ਹੋਈ:ਦੱਸ ਦੇਈਏ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ 72 ਪ੍ਰਿੰਸੀਪਲਾਂ ਦੇ ਤੀਜੇ ਅਤੇ ਚੌਥੇ ਬੈਚ ਨੂੰ ਸਿੰਗਾਪੁਰ ਭੇਜਿਆ ਗਿਆ। ਇਨ੍ਹਾਂ ਸਾਰਿਆਂ ਨੂੰ ਸਿੰਗਾਪੁਰ ਵਿੱਚ ਪ੍ਰਿੰਸੀਪਲ ਦੀ ਅਕੈਡਮੀ ਵਿੱਚ ਸਿਖਲਾਈ ਦਿੱਤੀ ਜਾਵੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ੁੱਕਰਵਾਰ ਨੂੰ ਇਨ੍ਹਾਂ 72 ਪ੍ਰਿੰਸੀਪਲਾਂ ਦੀ ਟੀਮ ਨਾਲ ਵੀ ਮੁਲਾਕਾਤ ਕੀਤੀ ਸੀ।
ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਲਈ ਬੱਸ ਸੇਵਾ :ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਜਲਦ ਹੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਲਈ ਬੱਸ ਸੇਵਾ ਸ਼਼ੁਰੂ ਕਰੇਗੀ ਅਤੇ ਇਸ ਲਈ 20,000 ਵਿਦਿਆਰਥੀਆਂ ਲਈ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ 12,000 ਲੜਕੀਆਂ ਅਤੇ 8,000 ਲੜਕੇ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਸਕੀਮ ਲਈ 21 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਜਾ ਚੁੱਕਾ ਹੈ, ਜਿਸ ਦਾ ਉਦੇਸ਼ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਬੱਸਾਂ ਨੂੰ ਜੀ.ਪੀ.ਐੱਸ. ਸਿਸਟਮ ਨਾਲ ਲੈੱਸ ਕੀਤਾ ਜਾਵੇਗਾ ਤਾਂ ਜੋ ਮਾਪੇ ਬੱਸਾਂ ਦੀ ਆਵਾਜਾਈ `ਤੇ ਨਜ਼ਰ ਰੱਖ ਸਕਣ। ਉਨ੍ਹਾਂ ਅੱਗੇ ਕਿਹਾ ਕਿ ਇਹ ਕਦਮ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਦਿਸ਼ਾ ਵੱਲ ਅਹਿਮ ਭੂਮਿਕਾ ਨਿਭਾਏਗਾ।
ਜ਼ਿਕਰਯੋਗ ਹੈ ਕਿ ਬੀ.ਏ ਪਾਸ ਸਿੱਖਿਆ ਪ੍ਰੋਵਾਈਡਰ (ਐਸੋਸੀਏਟ ਟੀਚਰ) ਜੋ ਪਹਿਲਾਂ 9500 ਰੁਪਏ ਤਨਖ਼ਾਹ ਲੈ ਰਹੇ ਸਨ, ਉਸਨੂੰ ਹੁਣ 20500 ਰੁਪਏ ਤਨਖਾਹ ਵਜੋਂ ਮਿਲਣਗੇ, ਜਦਕਿ ਈ.ਟੀ.ਟੀ. ਅਤੇ ਐਨ.ਟੀ.ਟੀ. ਯੋਗਤਾ ਵਾਲੇ ਅਧਿਆਪਕਾਂ ਨੂੰ ਮੌਜੂਦਾ 10250 ਰੁਪਏ ਦੀ ਤਨਖ਼ਾਹ ਦੇ ਮੁਕਾਬਲੇ 22000 ਰੁਪਏ ਮਿਲਣਗੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਬੀ.ਏ./ਐਮ.ਏ. ਬੀ.ਐੱਡ ਡਿਗਰੀਆਂ ਵਾਲੇ ਅਜਿਹੇ ਅਧਿਆਪਕ, ਜੋ ਇਸ ਮੌਕੇ 11000 ਰੁਪਏ ਤਨਖਾਹ ਲੈ ਰਹੇ ਹਨ, ਨੂੰ ਹੁਣ 23500 ਰੁਪਏ ਤਨਖ਼ਾਹ ਮਿਲੇਗੀ। ਆਈ.ਈ.ਵੀ. ਵਲੰਟੀਅਰ ਜੋ ਹੁਣ ਤੱਕ 5500 ਰੁਪਏ ਤਨਖ਼ਾਹ ਲੈ ਰਹੇ ਸਨ, ਨੂੰ ਹੁਣ 15,000 ਰੁਪਏ ਤਨਖ਼ਾਹ ਮਿਲੇਗੀ। ਇਸੇ ਤਰ੍ਹਾਂ 3500 ਰੁਪਏ ਤਨਖਾਹ ਲੈ ਰਹੇ ਸਿੱਖਿਆ ਵਲੰਟੀਅਰਾਂ ਨੂੰ ਹੁਣ 15,000 ਰੁਪਏ ਅਤੇ 6000 ਰੁਪਏ ਤਨਖ਼ਾਹ ਲੈ ਰਹੇ ਈ.ਜੀ.ਐਸ., ਈ.ਆਈ.ਈ. ਅਤੇ ਐਸ.ਟੀ.ਆਰ. ਅਧਿਆਪਕਾਂ ਨੂੰ ਹੁਣ 18,000 ਰੁਪਏ ਮਿਲਣਗੇ।