ਚੰਡੀਗੜ੍ਹ: ਸਰਕਾਰ ਵਲੋਂ ਨਵੇਂ ਸਾਲ ਮੌਕੇ ਆਮ ਆਦਮੀ ਦੀਆਂ ਜੇਬਾਂ ਉੱਤੇ ਬੋਝ ਪਾ ਦਿੱਤਾ ਗਿਆ ਹੈ। ਇਸ ਤੋਂ ਸਤਾਏ ਲੋਕਾਂ ਵਲੋਂ ਸੈਕਟਰ 15 ਵਿੱਚ ਭਾਜਪਾ ਸਰਕਾਰ ਵਿਰੁੱਧ ਥਾਲੀਆਂ ਵਜਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਈਵੀਟੀ ਵੀ ਭਾਰਤ ਨਾਲ ਗੱਲ ਕਰਦਿਆਂ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦੀ ਪਤਨੀ ਆਸ਼ਾ ਨੇ ਦੱਸਿਆ ਕਿ ਭਾਜਪਾ ਸਰਕਾਰ ਆਮ ਘਰਾਂ ਵਿੱਚ ਚੁੱਲੇ ਬਲਦੇ ਨਹੀਂ ਦੇਖਣਾ ਚਾਹੁੰਦੀ।
ਉਨ੍ਹਾਂ ਕਿਹਾ ਕਿ ਇਸ ਕਰਕੇ ਦਿਨੋਂ ਦਿਨ ਮਹਿੰਗਾਈ ਵਧਾਈ ਜਾ ਰਹੀ ਹੈ। ਸਿਲੰਡਰ ਦੇ ਰੇਟ ਵਧਾ ਦਿੱਤੇ ਗਏ ਹਨ ਜਿਸ ਨਾਲ ਆਮ ਆਦਮੀ ਦੇ ਘਰ ਵਿੱਚ ਰੋਟੀ ਪੱਕਣੀ ਵੀ ਮੁਸ਼ਕਿਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਕਿਸੇ ਪਾਸੇ ਵੀ ਸਰਕਾਰ ਵੱਲੋਂ ਰਾਹਤ ਨਹੀਂ ਮਿਲ ਰਹੀ ਹੈ। ਸਾਰੇ ਹੀ ਬਹੁਤ ਪ੍ਰੇਸ਼ਾਨ ਹਨ।
ਉੱਥੇ ਹੀ ਚੰਡੀਗੜ੍ਹ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਸਰਕਾਰ ਵੱਲੋਂ ਵਧਾਏ ਗਏ ਸਿਲੈਂਡਰ ਅਤੇ ਪਾਣੀ ਦੇ ਰੇਟਾਂ ਦੇ ਨਾਲ ਬਜਟ ਗੜਬੜਾ ਗਿਆ। ਸਰਕਾਰ ਦੀਆਂ ਮਾਰੂ ਨੀਤੀਆਂ ਆਮ ਆਦਮੀ ਦੀ ਜੇਬ 'ਤੇ ਬੋਝ ਪਾ ਰਹੀਆਂ ਹਨ। ਉੱਥੇ ਮੌਜੂਦ ਇੱਕ ਬਜ਼ੁਰਗ ਮਹਿਲਾ ਨੇ ਕਿਹਾ ਕਿ ਸਰਕਾਰ ਵੱਲੋਂ ਹੋਰ ਮੁੱਦਿਆਂ ਨੂੰ ਬੇ ਵਜ੍ਹਾ ਚੁੱਕ ਕੇ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਬੇਰੁਜ਼ਗਾਰੀ ਅਤੇ ਮਹਿੰਗਾਈ, ਜੋ ਅਸਲ ਮੁੱਦੇ ਹਨ, ਆਦਤਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਸਿਲੰਡਰ ਦੇ ਰੇਟ ਪਿਛਲੇ ਪੰਜ ਮਹੀਨਿਆਂ ਦੌਰਾਨ 137 ਰੁਪਏ ਵਧੇ ਹਨ ਜਿਸ ਨਾਲ ਆਮ ਆਦਮੀ ਰਸੋਈ 'ਤੇ ਭਾਰ ਪੈ ਗਿਆ ਹੈ।
ਇਹ ਵੀ ਪੜ੍ਹੋ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦੀਪਮਾਲਾ ਤੇ ਆਤਿਸ਼ਬਾਜ਼ੀ