ਦੋ ਦਿਨ ਦੇ ਰਿਮਾਂਡ 'ਤੇ ਭੇਜਿਆ ਸੁਖਪਾਲ ਖਹਿਰਾ ਚੰਡੀਗੜ੍ਹ:ਨਸ਼ਾ ਤਸਕਰੀ ਕੇਸ ਵਿੱਚ ਸ਼ਮੂਲੀਅਤ ਹੋਣ ਦੇ ਕਥਿਤ ਮਾਮਲੇ ਵਿੱਚ ਗ੍ਰਿਫਤਾਰ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਸੁਖਪਾਲ ਖਹਿਰਾ ਨੂੰ ਪੁਲਿਸ ਨੇ ਜਲਾਲਾਬਾਦ ਅਦਾਲਤ 'ਚ ਪੇਸ਼ ਕੀਤਾ ਸੀ, ਜਿੱਥੇ ਪੁਲਿਸ ਨੇ ਅਦਾਲਤ ਤੋਂ ਖਹਿਰਾ ਦਾ ਸੱਤ ਦਿਨ ਦਾ ਰਿਮਾਂਡ ਮੰਗਿਆ ਸੀ, ਪਰ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਪੁਲਿਸ ਨੂੰ ਸੁਖਪਾਲ ਖਹਿਰਾ ਦਾ ਦੋ ਦਿਨ ਦਾ ਰਿਮਾਂਡ ਹੀ ਦਿੱਤਾ। ਜਿਸ ਦੇ ਚੱਲਦੇ ਪੁਲਿਸ ਵਲੋਂ 30 ਸਤੰਬਰ ਨੂੰ ਮੁੜ ਸੁਖਪਾਲ ਖਹਿਰਾ ਨੂੰ ਅਦਾਲਤ 'ਚ ਪੇਸ਼ ਕਰਨਾ ਪਵੇਗਾ।
ਸੱਤ ਦਿਨ ਦਾ ਰਿਮਾਂਡ ਮੰਗਿਆ ਪਰ ਦੋ ਦਿਨ ਦਾ ਮਿਲਿਆ: ਸੁਖਪਾਲ ਖਹਿਰਾ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜਲਾਲਾਬਾਦ ਦੇ ਡੀਐਸਪੀ ਅੱਛਰੂ ਰਾਮ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਵੱਲੋ ਮਾਣਯੋਗ ਅਦਾਲਤ ਤੋਂ ਸੱਤ ਦਿਨਾਂ ਲਈ ਰਿਮਾਂਡ ਹਾਸਲ ਕਰਨ ਲਈ ਅਪੀਲ ਕੀਤੀ ਗਈ ਸੀ, ਪਰ ਅਦਾਲਤ ਵੱਲੋਂ ਪੁਲਿਸ ਨੂੰ ਸੁਖਪਾਲ ਖਹਿਰਾ ਦਾ ਦੋ ਦਿਨ ਲਈ ਰਿਮਾਂਡ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜਦੋਂ ਪੱਤਰਕਾਰਾਂ ਵਲੋਂ ਖਹਿਰਾ ਦੇ ਕੇਸ ਸਬੰਧੀ ਡੀਐੱਸਪੀ ਤੋਂ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਜਿਆਦਾ ਜਾਣਕਾਰੀ ਨਾ ਹੋਣ ਦਾ ਹਵਾਲਾ ਦੇ ਕੇ ਕਿਹਾ ਕਿ ਇਸ ਸਬੰਧੀ ਐੱਸਆਈਟੀ ਮੁਖੀ ਹੀ ਜਿਆਦਾ ਦੱਸ ਸਕਦੇ ਹਨ।
ਖਹਿਰਾ ਦੀ ਆਵਾਜ਼ ਦਵਾਉਣ ਦੀਆਂ ਕੋਸ਼ਿਸ਼ਾਂ: ਇਸ ਮੌਕੇ ਅਦਾਲਤ ਵਿੱਚ ਮੌਜੂਦ ਸੁਖਪਾਲ ਸਿੰਘ ਖਹਿਰਾ ਦੇ ਵਕੀਲ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਕਾਨੂੰਨ ਤੋਂ ਬਾਹਰ ਹੋ ਕੇ ਬਿਨਾਂ ਅਦਾਲਤ ਤੋਂ ਪ੍ਰਵਾਨਗੀ ਲਏ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਾਲ 2021 ਵਿੱਚ ਪੁਲਿਸ ਵੱਲੋਂ ਬਣਾਈ ਗਈ ਸਿਟ ਵੱਲੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਦੋਸ਼ੀ ਨਹੀਂ ਪਾਇਆ ਗਿਆ ਸੀ। ਉਨ੍ਹਾਂ ਦਾ ਕਹਿਣਾ ਕਿ ਸੁਖਪਾਲ ਖਹਿਰਾ ਸਰਕਾਰ ਦੇ ਖਿਲਾਫ਼ ਬੋਲਦੇ ਨੇ, ਜਿਸ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਇਹ ਸਭ ਕੀਤਾ ਜਾ ਰਿਹਾ ਹੈ।
ਤੜਕਸਾਰ ਚੰਡੀਗੜ੍ਹ ਤੋਂ ਗ੍ਰਿਫ਼ਤਾਰੀ: ਕਾਬਿਲੇਗੌਰ ਹੈ ਕਿ ਵੀਵਰਵਾਰ ਸਵੇਰੇ ਤੜਕਸਾਰ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਸੀ। ਜਿਥੇ ਜਲਾਲਾਬਾਦ ਪੁਲਿਸ ਨੇ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਪੰਜਾਬ ਪੁਲਿਸ (punjab police) ਨੇ ਤੜਕਸਾਰ ਕਾਰਵਾਈ ਕਰਦਿਆਂ ਸੁਖਪਾਲ ਖਹਿਰਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਛਾਪਾ ਮਾਰਿਆ ਸੀ ਅਤੇ ਫਿਰ ਉਸ ਨੂੰ ਗ੍ਰਿਫ਼ਤਾਰ ਕਰਕੇ ਜਲਾਲਾਬਾਦ ਲੈ ਗਈ ਸੀ। ਦੱਸ ਦੇਈਏ ਕਿ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੂੰ 2015 ਦੇ ਇੱਕ ਪੁਰਾਣੇ ਐਨਡੀਪੀਐਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਾਰੀ: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਪਹਿਲਾਂ ਵੀ ਇਸ ਮਾਮਲੇ 'ਚ ਵਿਵਾਦਾਂ ਵਿੱਚ ਰਹਿ ਚੁੱਕੇ ਹਨ, ਇਸ ਤੋਂ ਪਹਿਲਾਂ ਸਾਲ 2015 ਵਿੱਚ ਵੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਹੋਇਆ ਸੀ। ਫਾਜ਼ਿਲਕਾ ਅਦਾਲਤ ਨੇ ਉਨ੍ਹਾਂ ਨੂੰ ਸੰਮਨ ਵੀ ਜਾਰੀ ਕੀਤੇ ਸਨ,ਪਰ ਉਸ ਸਮੇਂ ਸੁਪਰੀਮ ਕੋਰਟ ਵੱਲੋਂ ਖਹਿਰਾ ਨੂੰ ਰਾਹਤ ਦੇ ਦਿੱਤੀ ਗਈ ਸੀ। ਪੁਲਿਸ ਨੇ ਤਸਕਰਾਂ ਕੋਲੋਂ 2 ਕਿਲੋ ਹੈਰੋਇਨ, 24 ਸੋਨੇ ਦੇ ਬਿਸਕੁਟ, ਦੋ ਪਾਕਿਸਤਾਨੀ ਸਿਮ ਕਾਰਡ ਅਤੇ ਇੱਕ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਸੀ। ਇਸ ਮਾਮਲੇ ਵਿੱਚ ਉਸ ਸਮੇਂ ਖਹਿਰਾ ਦਾ ਕਨੈਕਸ਼ਨ ਸਾਹਮਣੇ ਆਇਆ ਸੀ।
ਐੱਸਆਈਟੀ ਦੀ ਰਿਪੋਰਟ ਦੇ ਆਧਾਰ ’ਤੇ ਗ੍ਰਿਫ਼ਤਾਰੀ: ਦੱਸ ਦਈਏ ਕਿ ਸਾਲ 2015 ਦੇ ਐਨਡੀਪੀਐੱਸ ਮਾਮਲੇ ਵਿੱਚ ਸੁਖਪਾਲ ਖਹਿਰਾ ਨੂੰ ਡੀਆਈਜੀ ਦੀ ਅਗਵਾਈ ਹੇਠ ਬਣੀ ਐੱਸਆਈਟੀ ਦੀ ਰਿਪੋਰਟ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਐੱਸਆਈਟੀ ਵਿੱਚ ਦੋ ਐੱਸਐੱਸਪੀਜ਼ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਗ੍ਰਿਫ਼ਤਾਰੀ ਮਗਰੋਂ ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਇਹ ਝੂਠਾ ਕੇਸ ਸੀ ਅਤੇ ਸੁਪਰੀਮ ਕੋਰਟ (Supreme Court) ਨੇ ਵੀ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਰਾਹਤ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਭਗਵੰਤ ਮਾਨ ਸਰਕਾਰ ਉਨ੍ਹਾਂ 'ਤੇ ਇਹ ਕਾਰਵਾਈ ਕਰ ਰਹੀ ਹੈ।
ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਵਿੱਚ ਰਹਿ ਚੁੱਕੇ ਹਨ। ਦੱਸ ਦੇਈਏ ਕਿ ਖਹਿਰਾ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਅਗਲੇ ਸਾਲ 2018 'ਚ ਉਨ੍ਹਾਂ ਨੇ ਪਾਰਟੀ 'ਚ ਬਗਾਵਤ ਕਰ ਦਿੱਤੀ ਅਤੇ 2019 'ਚ 'ਆਪ' ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਜਨਵਰੀ 2019 ਵਿੱਚ, ਉਸਨੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਲਈ ਅਤੇ ਵਿਧਾਨ ਸਭਾ ਚੋਣਾਂ ਜਿੱਤੀਆਂ।