ਚੰਡੀਗੜ੍ਹ : ਬੀਤੇ ਦਿਨ ਜਲੰਧਰ ਵਿਖੇ ਪਹੁੰਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਖਿਲਾਫ ਨਵੀਂ ਐੱਫ.ਆਈ.ਆਰ ਦਰਜ ਕਰਕੇ ਉਨ੍ਹਾਂ ਨੂੰ ਦੁਬਾਰਾ ਜੇਲ੍ਹ 'ਚ ਡੱਕਣ ਦੇ ਮਾਮਲੇ ਦੀ ਨਿਖੇਧੀ ਕਰਦਿਆਂ ਕਾਂਗਰਸ ਲੀਡਰਸ਼ਿੱਪ ਨੂੰ ਲਪੇਟਿਆ ਸੀ। ਉਨ੍ਹਾਂ ਕਿਹਾ ਸੀ ਕਿ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਰਿਹਾਈ ਹੋਣ ਦੀ ਬਜਾਏ ਜਾਖੜ ਨੂੰ ਪੰਜਾਬ ਸਰਕਾਰ ਨੇ ਝੂਠ ਕੇਸ ਵਿੱਚ ਮੁੜ ਜੇਲ੍ਹ ਅੰਦਰ ਡੱਕ ਦਿੱਤਾ। ਇਸ ਮਸਲੇ ਉੱਤੇ ਪੰਜਾਬ ਕਾਂਗਰਸ ਨੇ ਕੋਈ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਹਾਈਕਮਾਂਡ ਨੇ ਹੁਣ ਤੱਕ ਚੁੱਪੀ ਤੋੜੀ ਹੈ।
ਸੁਖਜਿੰਦਰ ਰੰਧਾਵਾ ਦਾ ਜਾਖੜ ਨੂੰ ਜਵਾਬ: ਬੀਤੇ ਦਿਨ ਭਾਵੇਂ ਸੁਨੀਲ ਜਾਖੜ ਨੇ ਬਹੁਤ ਸਾਰੇ ਇਲਜ਼ਾਮ ਕਾਂਗਰਸ ਉੱਤੇ ਲਾਏ ਸਨ, ਪਰ ਅੱਜ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਸੀਨੀਅਰ ਕਾਂਗਰਸ ਆਗੂ ਸੁਖਜਿੰਦਰ ਰੰਧਾਵਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਕਾਂਗਰਸ ਇੱਕਜੁੱਟ ਹੈ ਇਸ ਲਈ ਜਾਖੜ ਗਿਆਨ ਨਾ ਘੋਟਣ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਾਖੜ ਨੇ ਹੀ ਕਾਂਗਰਸ ਵਿੱਚ ਫੁੱਟ ਪਾਉਣ ਦਾ ਬੀਜ ਬੀਜਿਆ ਸੀ।
ਜਾਖੜ ਸਾਹਬ, ਗਿਆਨ ਘੋਟਣਾ ਬੰਦ ਕਰੋ। ਆਪਣੇ ਪੁਰਖਿਆਂ ਦੀ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਇਨਸਾਨ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਤੁਸੀਂ ਹੀ ਸੀ ਜਿਹਨਾਂ ਨੇ ਕਾਂਗਰਸ ਵਿੱਚ ਧੜੇਬੰਦੀ ਸ਼ੁਰੂ ਕਰਕੇ ਲੋਕਾਂ ਵਿੱਚ ਕਾਂਗਰਸ ਦਾ ਨਾਮ ਡੋਬਿਆ ਸੀ। ਤੁਸੀਂ ਖਹਿਰਾ ਸਾਹਿਬ ਦੀ ਚਿੰਤਾ ਛੱਡ ਕੇ ਆਪਣੇ ਕੰਮ ਵੱਲ ਧਿਆਨ ਦਿਓ। ਕਾਂਗਰਸ ਦੇ ਹਰ ਛੋਟੇ ਵਰਕਰ ਤੋਂ ਲੈ ਕੇ ਸੂਬਾ ਅਤੇ ਕੇਂਦਰ ਦੀ ਕਾਂਗਰਸ ਖਹਿਰਾ ਸਾਹਿਬ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਅਸੀਂ ਮਿਲ ਕੇ ਲੜਾਂਗੇ ਅਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਖਹਿਰਾ ਸਾਹਿਬ ਜਲਦੀ ਹੀ ਲੋਕਾਂ ਦੇ ਸਾਹਮਣੇ ਆਉਣਗੇ।-ਸੁਖਜਿੰਦਰ ਰੰਧਾਵਾ, ਕਾਂਗਰਸ ਆਗੂ
ਰਾਜਾ ਵੜਿੰਗ ਨੇ ਕੀਤਾ ਅੰਦਰਖਾਤੇ ਗੱਠਜੋੜ:ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸੂਬੇ ਦੇ ਮੁੱਖ ਮੰਤਰੀ ਨਾਲ ਅੰਦਰਖਾਤੇ ਗੱਲ ਹੋ ਚੁੱਕੀ ਹੈ ਅਤੇ ਇਸ ਕਾਰਣ ਹੀ ਕਾਂਗਰਸ ਲਈ ਹਿੱਕ ਡਾਹ ਕੇ ਬੋਲਣ ਵਾਲੇ ਸੁਖਪਾਲ ਖਹਿਰਾ ਦਾ ਅੱਜ ਸਭ ਨੇ ਖਹਿੜਾ ਛੱਡ ਦਿੱਤਾ ਅਤੇ ਪੰਜਾਬ ਸਰਕਾਰ ਸ਼ਰੇਆਮ ਬਦਲਾਖੋਰੀ ਦੀ ਸਿਆਸਤ ਕਰਦਿਆਂ ਖਹਿਰਾ ਨਾਲ ਧੱਕਾ ਕਰ ਰਹੀ ਹੈ।