ਚੰਡੀਗੜ੍ਹ: ਲੋਕ ਸਭਾ ਚੋਣਾਂ ਨਜ਼ਦੀਕ ਹਨ ਤੇ ਸਿਆਸੀ ਪਾਰਟੀਆਂ ਆਪਣੀ ਤਿਆਰੀ 'ਚ ਜੁਟ ਗਈਆਂ ਹਨ। ਇਸ ਦੇ ਨਾਲ ਹੀ ਸਿਆਸੀ ਆਗੂਆਂ ਵਲੋਂ ਇੱਕ ਦੂਜੇ 'ਤੇ ਵਾਰ ਪਲਟਵਾਰ ਦਾ ਦੌਰ ਲਗਾਤਾਰ ਜਾਰੀ ਹੈ। ਉਧਰ ਭਾਜਪਾ ਦੇ ਵਿਰੋਧ 'ਚ ਬਣਾਏ ਗਏ ਇੰਡੀਆ ਗੱਠਜੋੜ ਦੇ ਭਾਈਵਾਲ 'ਆਪ' ਅਤੇ ਕਾਂਗਰਸ ਦੇ ਸਬੰਧਾਂ 'ਚ ਖਟਾਸ ਆ ਸਕਦੀ ਹੈ, ਕਿਉਂਕਿ ਬੇਸ਼ੱਕ ਇੰਨ੍ਹਾਂ ਦੋਵਾਂ ਪਾਰਟੀਆਂ ਦੇ ਆਗੂ ਕੌਮੀ ਪੱਧਰ 'ਤੇ ਇਕੱਜੁਟ ਹੋਣ ਦੇ ਦਾਅਵੇ ਕਰਦੇ ਹਨ ਪਰ ਪੰਜਾਬ 'ਚ ਇੰਨ੍ਹਾਂ ਵਲੋਂ ਇੱਕ ਦੂਜੇ 'ਤੇ ਸਿਆਸੀ ਬਿਆਨਬਾਜ਼ੀ ਲਗਾਤਾਰ ਜਾਰੀ ਹੈ।
ਕਾਂਗਰਸੀ ਆਗੂ ਦਾ ਮੁੱਖ ਮੰਤਰੀ 'ਤੇ ਨਿਸ਼ਾਨਾ: ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਜਿਹਾ ਬਿਆਨ ਦਿੱਤਾ ਹੈ ਜੋ ਕਾਂਗਰਸ ਲੀਡਰਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਮੁੱਖ ਮੰਤਰੀ ਮਾਨ ਉੱਤੇ ਨਿਸ਼ਾਨਾ ਸਾਧਿਆ ਹੈ। ਦੱਸ ਦਈਏ ਕਿ ਸਾਲ ਦੇ ਪਹਿਲੇ ਦਿਨ ਮੁੱਖ ਮੰਤਰੀ ਮਾਨ ਨੇ 'ਏਕ ਥੀ ਕਾਂਗਰਸ' ਦਾ ਬਿਆਨ ਦਿੱਤਾ ਸੀ, ਜਿਸ 'ਤੇ ਸੀਨੀਅਰ ਕਾਂਗਰਸੀ ਆਗੂ ਪਵਨ ਖੇੜਾ ਨੇ ਕਿਹਾ ਕਿ ਤੁਹਾਡੇ ਅਤੇ ਪ੍ਰਧਾਨ ਮੰਤਰੀ ਦੇ ਵਿਚਾਰ ਕਿੰਨੇ ਸਮਾਨ ਹਨ!
ਕਾਂਗਰਸ ਆਗੂ ਪਵਨ ਖੇੜਾ ਦਾ ਜਵਾਬ ਮੁੱਖ ਮੰਤਰੀ ਮਾਨ ਨੇ ਦਿੱਤਾ ਸੀ ਕਾਂਗਰਸ 'ਤੇ ਬਿਆਨ: ਦਰਅਸਲ ਬੀਤੇ ਦਿਨੀਂ 1 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਦਿੱਲੀ ਅਤੇ ਪੰਜਾਬ ਵਿੱਚ ਇੱਕ ਮਾਂ ਆਪਣੇ ਬੱਚਿਆਂ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਦੱਸ ਸਕਦੀ ਹੈ - ਇੱਕ ਸੀ ਕਾਂਗਰਸ।" ਜਿਸ ਤੋਂ ਬਾਅਦ ਉਹ ਪ੍ਰੈਸ ਕਾਨਫਰੰਸ ਕਰਕੇ ਚੱਲਦੇ ਬਣਦੇ ਹਨ। ਉਧਰ ਉਨ੍ਹਾਂ ਦੇ ਇਸ ਬਿਆਨ 'ਤੇ ਪਵਨ ਖੇੜਾ ਗੁੱਸੇ 'ਚ ਆ ਗਏ। ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ 'ਆਪ' ਅਤੇ ਮੋਦੀ ਜੀ ਦੇ ਵਿਚਾਰ ਕਿੰਨੇ ਮਿਲਦੇ ਹਨ!! ਇਹ ਦੋਵੇਂ ਕਾਂਗਰਸ ਮੁਕਤ ਭਾਰਤ ਦਾ ਸੁਫ਼ਨਾ ਦੇਖਦੇ ਹਨ। ਦੋਵੇਂ ਮੂੰਹ ਦੀ ਖਾਣਗੇ। ਵੈਸੇ, ਇੱਕ ਭੋਜਪੁਰੀ ਫਿਲਮ ਦਾ ਨਾਮ ਹੈ ’ਏਕ ਥਾ ਜੋਕਰ' ਹੈ। ਤੁਸੀਂ ਤਾਂ ਦੇਖੀ ਹੋਵੇਗੀ ?
ਇੰਡੀਆ ਗੱਠਜੋੜ 'ਚ ਭਾਈਵਾਲ 'ਆਪ' ਤੇ ਕਾਂਗਰਸ:ਕਾਬਿਲੇਗੌਰ ਹੈ ਕਿ ਦੋਵੇਂ ਪਾਰਟੀਆਂ ਇੰਡੀਆ ਗੱਠਜੋੜ ਦਾ ਹਿੱਸਾ ਹਨ। ਲੋਕ ਸਭਾ ਚੋਣਾਂ ਨੂੰ ਲੈ ਕੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਅਜੇ ਤੈਅ ਨਹੀਂ ਹੋਈ ਹੈ ਪਰ ਜਿੱਥੋਂ ਤੱਕ ਪੰਜਾਬ ਦਾ ਸਵਾਲ ਹੈ, ਉਥੇ ਮਾਹੌਲ ਪੂਰੀ ਤਰ੍ਹਾਂ ਗਰਮ ਹੈ। ਦੋਵਾਂ ਪਾਰਟੀਆਂ ਦੇ ਕੁਝ ਆਗੂਆਂ ਦੇ ਅਜਿਹੇ ਬਿਆਨ ਸਾਹਮਣੇ ਆਏ ਹਨ ਜੋ ਗੱਠਜੋੜ ਦੇ ਹੱਕ ਵਿੱਚ ਨਹੀਂ ਹਨ। ਅਜਿਹੇ 'ਚ ਇੰਡੀਆ ਗੱਠਜੋੜ ਲਈ ਇਹ ਵੀ ਚੁਣੌਤੀ ਹੈ ਪਰ ਹੁਣ ਕਾਂਗਰਸ ਅਤੇ 'ਆਪ' ਦੇ ਦੋ ਵੱਡੇ ਆਗੂਆਂ ਦੇ ਬਿਆਨਾਂ ਕਾਰਨ ਆਉਣ ਵਾਲੇ ਸਮੇਂ 'ਚ ਸਿਆਸਤ ਹੋਰ ਤਿੱਖੀ ਹੋ ਸਕਦੀ ਹੈ।
ਦਿੱਲੀ ਤੇ ਪੰਜਾਬ 'ਚ 'ਆਪ' ਸਰਕਾਰ:ਦੱਸ ਦਈਏ ਕਿ ਪੰਜਾਬ ਅਤੇ ਦਿੱਲੀ ਦੋਵਾਂ ਥਾਵਾਂ 'ਤੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉੱਥੇ 'ਆਪ' ਦੀ ਸਮੁੱਚੀ ਰਾਜਨੀਤੀ ਕਾਂਗਰਸ ਦੇ ਵਿਰੋਧ 'ਤੇ ਹੀ ਉੱਭਰ ਕੇ ਸਾਹਮਣੇ ਆਈ ਹੈ। 'ਆਪ' ਨੇ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਸੀ। ਅਜਿਹੇ 'ਚ ਸਾਲ ਦੀ ਸ਼ੁਰੂਆਤ 'ਚ ਅਜਿਹਾ ਬਿਆਨ ਵਿਰੋਧੀਆਂ ਨੂੰ ਹਮਲਾ ਕਰਨ ਦਾ ਮੌਕਾ ਦਿੰਦਾ ਹੈ। ਜਿਸ ਤੋਂ ਕਿਆਸ ਲਗਾਏ ਜਾ ਰਹੇ ਹਨ ਕਿ ਪੰਜਾਬ 'ਚ ਸੀਟਾਂ ਦੀ ਵੰਡ ਨੂੰ ਲੈਕੇ ਦੋਵਾਂ ਪਾਰਟੀਆਂ 'ਚ ਪੇਚ ਫਸ ਸਕਦੇ ਹਨ।