ਚੰਡੀਗੜ੍ਹ:ਕੁੱਝ ਸਮੇਂ ਤੋਂ ਸਿਆਸੀ ਪੰਡਤਾਂ ਵੱਲੋਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਹੋ ਸਕਦਾ ਹੈ ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੱਧੂ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰਕੇ ਮਾਸਟਰ ਸਟ੍ਰੋਕ ਖੇਡਣ ਪਰ ਨਵਜੋਤ ਸਿੱਧੂ ਨੇ ਹਮੇਸ਼ਾ ਦੀ ਤਰ੍ਹਾਂ ਨਵਾਂ ਰਸਤਾ ਫੜ੍ਹਦਿਆਂ ਸੋਸ਼ਲ ਮੀਡੀਆ ਪਲੇਟਫਾਰ X ਰਾਹੀਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਹੀ ਲਪੇਟ ਲਿਆ ਹੈ।
ਪੰਜਾਬ ਚੋਣਾਂ 2022 ਤੋਂ ਬਾਅਦ ਦਿੱਲੀ ਸ਼ਰਾਬ ਘੁਟਾਲੇ 'ਤੇ ਤੱਥਾਂ ਅਤੇ ਅੰਕੜਿਆਂ ਦੇ ਆਧਾਰ 'ਤੇ ਮੇਰੇ ਸਵਾਲਾਂ ਦਾ ਜਵਾਬ ਨਹੀਂ ਮਿਲਿਆ …… ਤੁਹਾਡੀ ਚੁੱਪੀ ਉਨ੍ਹਾਂ ਸਿਧਾਂਤਾਂ ਨਾਲ ਧੋਖਾ ਹੈ ਜਿਨ੍ਹਾਂ ਦੀ ਤੁਸੀਂ ਕਦੇ ਵਕਾਲਤ ਕੀਤੀ ਸੀ …….@ਅਰਵਿੰਦਕੇਜਰੀਵਾਲ ਜੀ, ਜਵਾਬਦੇਹੀ ਲਈ ਇੱਕ ਵਾਰ ਬੋਲਣ ਵਾਲੇ ਵਕੀਲ ਚੁੱਪ ਹੋ ਗਏ ਹਨ। ਕੀ ਇਹ ਅਸੁਵਿਧਾਜਨਕ ਸੱਚਾਈ ਦਾ ਇਕਬਾਲ ਹੈ ?? "ਸਵੈ-ਘੋਸ਼ਿਤ ਆਰ.ਟੀ.ਆਈ. ਕਰੂਸੇਡਰ ਨੇ ਚੋਰੀ ਦਾ ਮਾਸਟਰ ਬਣ ਗਿਆ ਹੈ"…… ਜਵਾਬਦੇਹੀ ਅਤੇ ਪਾਰਦਰਸ਼ਤਾ ਦਾ ਸਮਾਂ !!!..ਨਵਜੋਤ ਸਿੱਧੂ,ਕਾਂਗਰਸੀ ਆਗੂ
ਨਹੀਂ ਮਿਲਿਆ ਸਵਾਲਾਂ ਦਾ ਜਵਾਬ:ਸੀਨੀਅਰ ਕਾਂਗਰਸ ਆਗੂ ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਦਿੱਲੀ ਸ਼ਰਾਬ ਘੁਟਾਲੇ ਨੂੰ ਲੈਕੇ ਉਨ੍ਹਾਂ ਨੇ ਦੋ ਸਾਲ ਪਹਿਲਾਂ 2022 ਸ਼ਰਾਬ ਘੁਟਾਲੇ ਨੂੰ ਲੈਕੇ ਤੱਥਾਂ ਦੇ ਅਧਾਰ ਉੱਤੇ ਆਮ ਆਦਮੀ ਪਾਰਟੀ ਦੇ ਮੁਖੀ ਤੋਂ ਕੁੱਝ ਵੇਰਵੇ ਸਾਂਝੇ ਕਰਨ ਦੀ ਮੰਗ ਕੀਤੀ ਸੀ ਜੋ ਅੱਜ ਤੱਕ ਸਾਂਝੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਸ਼ਰਾਬ ਘੁਟਾਲੇ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸੱਚਾਈ ਤੋਂ ਪਰਦਾ ਤਾਂ ਚੁੱਕਿਆ ਹੀ ਹੈ ਪਰ ਕੇਜਰੀਵਾਲ ਦੀ ਚੁੱਪ ਉਨ੍ਹਾਂ ਸਿਧਾਂਤਾ ਨਾਲ ਵੀ ਧੋਖਾ ਹੈ ਜਿਸ ਦੀ ਉਹ ਖੁੱਦ ਹੀ ਵਕਾਲਤ ਕਰਦੇ ਸਨ।
ਦੱਸ ਦਈਏ ਦਿੱਲੀ ਸ਼ਰਾਬ ਘੁਟਾਲੇ ਵਿੱਚ ਹੁਣ ਤੱਕ ਦਿੱਗਜ ਆਮ ਆਦਮੀ ਪਾਰਟੀ ਦੇ ਨੇਤਾਵਾਂ ਉੱਤੇ ਕਾਰਵਾਈ ਹੋ ਚੁੱਕੀ ਹੈ। ਜਿੱਥੇ ਦਿੱਲੀ ਦੇ ਸਿੱਖਿਆ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਈਡੀ ਨੇ ਦਿੱਲੀ ਸ਼ਰਾਬ ਘੁਟਾਲੇ ਵਿੱਚ ਜਾਂਚ ਤੋਂ ਬਾਅਦ ਜੇਲ੍ਹ ਅੰਦਰ ਸੁੱਟ ਦਿੱਤਾ ਉੱਥੇ ਹੀ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਤੇ ਵੀ ਗ੍ਰਿਫ਼ਤਾਰੀ ਦੀ ਤਲਵਾਰ ਦਿੱਲੀ ਸ਼ਰਾਬ ਘੁਟਾਲੇ ਵਿੱਚ ਲਟਕ ਰਹੀ ਹੈ। ਦੱਸਣਯੋਗ ਹੈ ਕਿ ਭਲਕੇ ਈਡੀ ਕੋਲ ਮਾਮਲੇ ਨੂੰ ਲੈਕੇ ਅਰਵਿੰਦ ਕੇਜਰੀਵਲ ਦੀ ਪੇਸ਼ੀ ਹੈ, ਇਸ ਪੇਸ਼ੀ ਲਈ ਕੇਜਰੀਵੀਲ ਪਹੁੰਚਦੇ ਹਨ ਜਾਂ ਨਹੀਂ ਇਸ ਉੱਤੇ ਸ਼ੰਕੇ ਬਰਕਰਾਰ ਹਨ।