ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਪਰਿਵਾਰਕ ਰੁਝੇਵਿਆਂ ਕਾਰਣ ਸਿਆਸੀ ਪਿੜ ਤੋਂ ਲੰਮਾਂ ਸਮਾਂ ਦੂਰ ਸਨ ਪਰ ਹੁਣ ਉਨ੍ਹਾਂ ਨੇ ਵਾਪਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦਿਆਂ ਕੀਤੀ ਅਤੇ ਤਿੱਖੇ ਨਿਸ਼ਾਨੇ ਸਾਧੇ। ਚੰਡੀਗੜ੍ਹ ਸਥਿਤ ਪੰਜਾਬ ਸਰਕਾਰ ਦੇ ਸਿਵਲ ਏਵੀਏਸ਼ਨ ਵਿਭਾਗ ਸੈਕਟਰ-17 ਪਹੁੰਚ ਕੇ ਨਵਜੋਤ ਸਿੱਧੂ ਨੇ ਹੈਲੀਕਾਪਟਰ ਅਤੇ ਫਿਕਸਡ ਵਿੰਗ ਏਅਰਕ੍ਰਾਫਟ 'ਤੇ ਹੋਏ ਖਰਚੇ ਬਾਰੇ ਵੀ ਜਾਣਕਾਰੀ ਮੰਗੀ। ਨਵਜੋਤ ਸਿੱਧੂ ਨੇ ਸੀਐੱਮ ਮਾਨ ਉੱਤੇ ਪੰਜਾਬ ਦੇ ਲੋਕਾਂ ਦੀ ਕਮਾਈ ਦਾ ਗਲਤ ਇਸਤੇਮਾਲ ਕਰਨ ਦੇ ਇਲਜ਼ਾਮ ਲਾਏ ਹਨ।
ਸਰਕਾਰੀ ਹੈਲੀਕਾਪਟਰ ਦਾ ਪ੍ਰਚਾਰ ਲਈ ਇਸਤੇਮਾਲ:ਕਾਂਗਰਸੀ ਆਗੂ ਨਵੋਜਤ ਸਿੱਧੂ ਨੇ ਕਿਹਾ ਕਿ ਜਿਹੜੇ ਸਰਕਾਰੀ ਹੈਲੀਕਾਪਟਰ ਸੂਬੇ ਦੇ ਲੋਕਾਂ ਵੱਲੋਂ ਅਦਾ ਕੀਤੇ ਟੈਕਸ ਨਾਲ ਚੱਲਦੇ ਹਨ, ਉਨ੍ਹਾਂ ਦਾ ਇਸਤੇਮਾਲ ਲੋਕਾਂ ਦੇ ਭਲੇ ਲਈ ਨਹੀਂ ਸਗੋਂ ਪੰਜਾਬ ਦੇ ਮੁੱਖ ਮੰਤਰੀ ਆਪਣੇ ਸਿਆਸੀ ਹਿੱਤ ਲਈ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਈ ਵਾਰ ਸੂਬੇ ਦੇ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਕੀਤੀ ਹੈ। ਪਾਰਟੀ ਨਾਲ ਸਬੰਧਤ ਮੁਹਿੰਮਾਂ ਅਤੇ ਵੱਖ-ਵੱਖ ਦੌਰਿਆਂ ਲਈ ਫਿਕਸਡ ਵਿੰਗ ਏਅਰਕ੍ਰਾਫਟ ਵੀ ਕਿਰਾਏ 'ਤੇ ਲਏ ਗਏ ਹਨ। ਸਿੱਧੂ ਨੇ ਪੰਜਾਬ ਸ਼ਹਿਰੀ ਹਵਾਬਾਜ਼ੀ ਵਿਭਾਗ ਚੰਡੀਗੜ੍ਹ ਤੋਂ ਵੱਖ-ਵੱਖ ਖਾਤਿਆਂ ਬਾਰੇ ਜਾਣਕਾਰੀ ਮੰਗੀ। ਸਿੱਧੂ ਨੇ ਇਹ ਵੀ ਜਾਣਕਾਰੀ ਮੰਗੀ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਡੇਢ ਸਾਲ 'ਚ ਕਿੰਨੀ ਵਾਰ ਪ੍ਰਾਈਵੇਟ ਜੈੱਟ ਕਿਰਾਏ 'ਤੇ ਲਿਆ ਹੈ। ਉਨ੍ਹਾਂ ਨੇ ਹਵਾਈ ਜਹਾਜ਼ ਦੀਆਂ ਸਾਰੀਆਂ ਉਡਾਣਾਂ ਅਤੇ ਕਿਰਾਏ ਦੇ ਕੁੱਲ ਬਿੱਲ ਸਮੇਤ ਹਵਾਈ ਅੱਡੇ ਦੀ ਜਾਣਕਾਰੀ ਵੀ ਮੰਗੀ। ਨਵਜੋਤ ਸਿੱਧੂ ਦਾ ਇਲਜ਼ਾਮ ਹੈ ਕਿ ਮੁੱਖ ਮੰਤਰੀ ਨੇ ਸਿਆਸੀ ਮੰਤਵ ਲਈ ਲੋਕਾਂ ਉੱਤੇ ਵਾਧੂ ਪੈਸੇ ਦਾ ਬੋਝ ਪਾਇਆ ਹੈ। (Government helicopter used for publicity)