ਚੰਡੀਗੜ੍ਹ :ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜਲੰਧਰ ਦੀਆਂ ਉਪ ਚੋਣਾਂ ਵਿੱਚ ਹਿਮਾਚਲ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੂੰ ਇੰਚਾਰਜ ਲਾਇਆ ਗਿਆ ਹੈ। ਇਸ ਸੰਬੰਧੀ ਰਾਜਾ ਵੜਿੰਗ ਨੇ ਬਕਾਇਦਾ ਇਕ ਚਿੱਠੀ ਵੀ ਜਾਰੀ ਕੀਤੀ ਹੈ। ਜਾਣਕਾਰੀ ਮੁਤਾਬਿਕ ਮੁਕੇਸ਼ ਅਗਨੀਹੋਤਰੀ ਵਿਕਾਸ ਦੇ ਨਜਰੀਏ ਨਾਲ ਇੱਕ ਵੱਖਰੀ ਪਛਾਣ ਰੱਖਣ ਵਾਲੀ ਸਖਸ਼ੀਅਤ ਵਜੋਂ ਗਿਣੇ ਜਾਂਦੇ ਹਨ। ਇਹ ਵੀ ਯਾਦ ਰਹੇ ਕਿ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਹਾਈਕਮਾਂਡ ਨਾਲ ਸਲਾਹ ਕਰਨ ਤੋਂ ਬਾਅਦ ਹੀ ਮੁਕੇਸ਼ ਅਗਨੀਹੋਤਰੀ ਦੀ ਨਿਯੁਕਤੀ ਕੀਤੀ ਹੈ। ਇਸ ਤੋਂ ਬਾਅਦ ਜਾਰੀ ਲੈਟਰ ਨੂੰ ਰਾਜਾ ਵੜਿੰਗ ਨੇ ਜਨਤਕ ਕੀਤਾ ਹੈ।
ਕੌਣ ਹਨ ਮੁਕੇਸ਼ ਅਗਨੀਹੋਤਰੀ :ਦਰਅਸਲ ਮੁਕੇਸ਼ ਅਗਨੀਹੋਤਰੀ ਨੇ 5 ਵਾਰ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਉਨ੍ਹਾਂ ਵਲੋਂ ਖੇਡੀ ਗਈ ਪਾਰੀ ਨੇ ਭਾਜਪਾ ਸਰਕਾਰ ਲਈ ਸੂਬੇ ਵਿੱਚ ਕਈ ਵਾਰ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ ਹਨ। ਕਾਂਗਰਸ ਵਿੱਚ ਮੁਕੇਸ਼ ਅਗਨੀਹੋਤਰੀ ਦਾ ਕੱਦ ਹਮੇਸ਼ਾ ਉੱਚਾ ਰਿਹਾ ਹੈ। ਉਹ ਛੱਤੀਸਗੜ੍ਹ ਵਿੱਚ ਹਾਲ ਦੇ ਦਿਨਾਂ ਵਿੱਚ ਹੋਏ ਕਾਂਗਰਸ ਦੇ ਕੌਮੀ ਸੰਮੇਲਨ ਵਿੱਚ ਵੀ ਸ਼ਿਰਕਤ ਕਰ ਚੁੱਕੇ ਹਨ। ਪੰਜਾਬ ਕਾਂਗਰਸ ਲਈ ਜਲੰਧਰ ਦੀਆਂ ਉਪ ਚੋਣਾਂ ਵੀ ਕਾਫੀ ਅਹਿਮ ਹਨ ਇਸੇ ਕਰਕੇ ਮੁਕੇਸ਼ ਅਗਨੀਹੋਤਰੀ ਦਾ ਨਾਂ ਇਸ ਚੋਣ ਲਈ ਜਿੰਮੇਵਾਰ ਇੰਚਾਰਜ ਵਜੋਂ ਚੁਣਿਆ ਗਿਆ ਹੈ। ਮੁਕੇਸ਼ ਅਗਨੀਹੋਤਰੀ ਨੂੰ ਇੰਚਾਰਜ ਥਾਪਣ ਨਾਲ ਕਾਂਗਰਸ ਪਾਰਟੀ ਨੂੰ ਉਮੀਦ ਹੈ ਕਿ ਇਸ ਨਾਲ ਜਲੰਧਰ ਵਿੱਚ ਜਰੂਰ ਕੁੱਝ ਨਵਾਂ ਹੋਵੇਗਾ। ਉਨ੍ਹਾਂ ਵਲੋਂ ਇਸ ਚੋਣ ਲਈ ਵੱਖਰਾ ਫੈਸਲਾ ਲੈਣ ਦੀ ਵੀ ਗੱਲ ਕਹੀ ਗਈ ਹੈ।