ਪੰਜਾਬ

punjab

ETV Bharat / state

CM Yogashala campaign : ਪਟਿਆਲਾ ਪਹੁੰਚੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ, ਸੀਐਮ ਦੀ ਯੋਗਸ਼ਾਲਾ ਦਾ ਕੀਤਾ ਸ਼ੁੱਭ ਅਰੰਭ - ਸਿਹਤ ਮੰਤਰੀ ਡਾ ਬਲਬੀਰ ਸਿੰਘ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਐੱਮ ਦੀ ਯੋਗਸ਼ਾਲਾ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ।

CM Yogashala campaign, Yoga centers will be opened in four cities of Punjab
CM Yogashala campaign : ਪਟਿਆਲਾ ਪਹੁੰਚੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ, ਸੀਐਮ ਦੀ ਯੋਗਸ਼ਾਲਾ ਦਾ ਕੀਤਾ ਸ਼ੁੱਭ ਅਰੰਭ

By

Published : Apr 5, 2023, 4:37 PM IST

Updated : Apr 5, 2023, 6:26 PM IST

ਚੰਡੀਗੜ੍ਹ :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ‘ਸੀ.ਐਮ. ਦੀ ਯੋਗਸ਼ਾਲਾ’ ਸਿਹਤਮੰਦ, ਗਤੀਸ਼ੀਲ, ਖ਼ੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਲਈ ਮੀਲ ਦਾ ਪੱਥਰ ਸਾਬਤ ਹੋਵੇਗੀ। ਇਸ ਪ੍ਰੋਗਰਾਮ ‘ਸੀ.ਐਮ. ਦੀ ਯੋਗਸ਼ਾਲਾ’ ਲਈ ਪੋਰਟਲ ਜਾਰੀ ਕਰਨ ਮਗਰੋਂ ਇਕੱਠ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਨਾਗਰਿਕ ਪੱਖੀ ਇਹ ਅਹਿਮ ਪ੍ਰਾਜੈਕਟ ਦਿੱਲੀ ਦੇ ਮੁੱਖ ਮੰਤਰੀ ਦੇ ਮਨ ਦੀ ਉਪਜ ਹੈ ਅਤੇ ਇਸ ਨੇ ਲੋਕਾਂ ਵਿਚਾਲੇ ਕਾਫ਼ੀ ਮਕਬੂਲੀਅਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਲੋਕ ਪੱਖੀ ਪਹਿਲਕਦਮੀ ਦਾ ਕੌਮੀ ਰਾਜਧਾਨੀ ਦੀ ਵੱਡੀ ਗਿਣਤੀ ਜਨਤਾ ਲਾਭ ਲੈ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸਿਰਫ਼ ਪੰਜਾਬ ਨੇ ਇਸ ਸਕੀਮ ਨੂੰ ਸੂਬੇ ਵਿੱਚ ਲਾਗੂ ਕੀਤਾ ਹੈ ਤਾਂ ਕਿ ਹਰੇਕ ਪੰਜਾਬੀ ਨੂੰ ਇਸ ਦਾ ਲਾਭ ਮਿਲਣਾ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਮੁਫ਼ਤ ਵਿੱਚ ਯੋਗ ਸਿਖਲਾਈ ਲੈਣ ਲਈ ਮ ਲੋਕ ਟੋਲ ਫਰੀ ਨੰਬਰ 76694-00500 ਜਾਂ https://cmdiyogshala.punjab.gov.in ਉਤੇ ਲਾਗਇਨ ਕਰ ਸਕਦੇ ਹਨ। ਉਨ੍ਹਾਂ ਨੇ ਮੀਲ ਦਾ ਪੱਥਰ ਸਾਬਤ ਹੋਣ ਵਾਲੇ ਇਸ ਕਦਮ ਨੂੰ ਸਿਹਤਮੰਦ ਤੇ ਖ਼ੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਲੋਕ ਲਹਿਰ ਪੈਦਾ ਕਰਨ ਦਾ ਸਬੱਬ ਦੱਸਿਆ।

ਮੁਫ਼ਤ ਵਿੱਚ ਯੋਗ ਸਿਖਲਾਈ :ਉਨ੍ਹਾਂ ਆਸ ਪ੍ਰਗਟਾਈ ਕਿ ਭਾਰਤ ਦੀ ਇਸ ਸ਼ਾਨਾਮੱਤੀ ਪੁਰਾਣੀ ਰਵਾਇਤ ਉਤੇ ਚੱਲਦਿਆਂ ਇਹ ਯੋਗਸ਼ਾਲਾਵਾਂ ਪੰਜਾਬੀਆਂ ਨੂੰ ਸਰੀਰਕ ਤੇ ਮਾਨਸਿਕ ਤੌਰ ਉਤੇ ਸਿਹਤਮੰਦ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਸਿੱਖਿਅਤ ਯੋਗ ਇੰਸਟ੍ਰਕਟਰ ਖੁੱਲ੍ਹੇ ਪਾਰਕਾਂ ਤੇ ਹੋਰ ਜਨਤਕ ਥਾਵਾਂ ਉਤੇ ਲੋਕਾਂ ਨੂੰ ਮੁਫ਼ਤ ਵਿੱਚ ਯੋਗ ਸਿਖਲਾਈ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦਾ ਮੁੱਢਲਾ ਮੰਤਵ ਪੰਜਾਬ ਨੂੰ ਸਿਹਤਮੰਦ, ਖ਼ੁਸ਼ਹਾਲ ਤੇ ਪ੍ਰਗਤੀਸ਼ੀਲ ਬਣਾਉਣ ਲਈ ਯੋਗ ਨੂੰ ਜਨਤਕ ਮੁਹਿੰਮ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸਰੀਰ ਤੇ ਦਿਮਾਗ ਨੂੰ ਤੰਦਰੁਸਤ ਰੱਖਣ ਲਈ ਯੋਗ ਬਹੁਤ ਜ਼ਰੂਰੀ ਹੈ ਅਤੇ ਹਰੇਕ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਯੋਗ ਨੂੰ ਆਪਣੇ ਜੀਵਨ ਦਾ ਅਨਿੱਖੜ ਅੰਗ ਬਣਾਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ‘ਸੀ.ਐਮ. ਦੀ ਯੋਗਸ਼ਾਲਾ’ ਮੁਹਿੰਮ ਯੋਗ ਆਸਣਾਂ ਰਾਹੀਂ ਚੰਗੀ ਸਿਹਤ ਤੇ ਸਾਫ਼-ਸਫ਼ਾਈ ਯਕੀਨੀ ਬਣਾਉਣ ਬਾਰੇ ਲੋਕਾਂ ਵਿਚਾਲੇ ਜਾਗਰੂਕਤਾ ਪੈਦਾ ਕਰਨ ਲਈ ਅਹਿਮ ਭੂਮਿਕਾ ਨਿਭਾਏਗੀ।

ਮੁੱਖ ਮੰਤਰੀ ਨੇ ਕਿਹਾ ਕਿ ਨਾ ਸਿਰਫ਼ ਲੋਕਾਂ ਦੀ ਸਿਹਤ ਨੂੰ ਚੰਗਾ ਰੱਖਣਾ, ਸਗੋਂ ਰੋਜ਼ਾਨਾ ਜ਼ਿੰਦਗੀ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਚਿੰਤਾ ਮੁਕਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਧਦਾ ਮਾਨਸਿਕ ਤਣਾਅ ਹਰੇਕ ਲਈ ਚਿੰਤਾ ਦਾ ਵੱਡਾ ਵਿਸ਼ਾ ਹੈ ਅਤੇ ਯੋਗ ਇਸ ਤੋਂ ਲੋਕਾਂ ਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਮਿਆਰੀ ਜੀਵਨ ਲਈ ਯੋਗ ਦੇ ਆਸਣਾਂ ਰਾਹੀਂ ਜੀਵਨ ਸ਼ੈਲੀ ਵਿੱਚ ਕੁੱਝ ਜ਼ਰੂਰੀ ਤਬਦੀਲੀਆਂ ਲਿਆ ਕੇ ਸਹੀ ਮਾਨਸਿਕ ਤੇ ਸਰੀਰਿਕ ਤਵਾਜ਼ਨ ਬਿਠਾਉਣਾ ਜ਼ਰੂਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਨੇ ਲੋਕਾਂ ਨੂੰ ਕਈ ਸਬਕ ਸਿਖਾਏ ਅਤੇ ਲੋਕਾਂ ਨੂੰ ਕੁਦਰਤ ਨਾਲ ਪਿਆਰ ਕਰਦਿਆਂ ਜੀਵਨ ਜੀਣ ਦਾ ਸਲੀਕਾ ਸਿਖਾਇਆ। ਉਨ੍ਹਾਂ ਕਿਹਾ ਕਿ ਭਾਵੇਂ ਇਸ ਮਹਾਂਮਾਰੀ ਦੇ ਗੰਭੀਰ ਨਤੀਜੇ ਸਾਡੇ ਸਾਹਮਣੇ ਹਨ ਪਰ ਇਸ ਨੇ ਵਾਤਾਵਰਨ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਕੀਤੀ। ਭਗਵੰਤ ਮਾਨ ਨੇ ਲੋਕਾਂ ਨੂੰ ਕੁਦਰਤ ਦਾ ਸਤਿਕਾਰ ਕਰਨ ਅਤੇ ਕੁਦਰਤ ਦੇ ਨਿਯਮਾਂ ਮੁਤਾਬਕ ਜ਼ਿੰਦਗੀ ਜੀਣ ਲਈ ਪ੍ਰੇਰਿਆ।

ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਵਿਦਿਆਰਥੀਆਂ ਨੂੰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਵਾਸਤੇ ਤਿਆਰੀ ਕਰਵਾਉਣ ਵਾਸਤੇ ਸੂਬਾ ਸਰਕਾਰ 10 ਅਤਿ-ਆਧੁਨਿਕ ਸੈਂਟਰ ਖੋਲ੍ਹੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਸੈਂਟਰ ਯੂ.ਪੀ.ਐਸ.ਸੀ. ਪ੍ਰੀਖਿਆਵਾਂ ਲਈ ਨੌਜਵਾਨਾਂ ਨੂੰ ਮਿਆਰੀ ਸਿਖਲਾਈ ਮੁਹੱਈਆ ਕਰਨਗੇ ਤਾਂ ਕਿ ਉਹ ਸੂਬੇ ਤੇ ਦੇਸ਼ ਦੇ ਅਹਿਮ ਅਹੁਦਿਆਂ ਉਤੇ ਪੁੱਜ ਸਕਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦਾ ਮੰਤਵ ਨੌਜਵਾਨਾਂ ਨੂੰ ਦੇਸ਼ ਦੇ ਸਭ ਤੋਂ ਸਨਮਾਨਯੋਗ ਅਹੁਦਿਆਂ ਉਤੇ ਪਹੁੰਚਾਉਣਾ ਹੈ, ਨਾ ਕਿ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਧੱਕ ਕੇ ਜੇਲ੍ਹਾਂ ਵਿੱਚ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੀ ਅਥਾਹ ਸ਼ਕਤੀ ਨੂੰ ਉਸਾਰੂ ਦਿਸ਼ਾ ਵਿੱਚ ਲਾਉਣ ਲਈ ਖੇਡਾਂ ਨੂੰ ਵੱਡੇ ਪੱਧਰ ਉਤੇ ਉਤਸ਼ਾਹਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਵਰਗੀਆਂ ਵੱਡ ਆਕਾਰੀ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਲੱਖਾਂ ਖਿਡਾਰੀਆਂ ਨੇ ਭਾਗ ਲਿਆ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਭਰ ਦੇ 14 ਹਜ਼ਾਰ ਖੇਡ ਤੇ ਯੂਥ ਕਲੱਬਾਂ ਨੂੰ ਸੁਰਜੀਤ ਕਰ ਰਹੀ ਹੈ ਤਾਂ ਕਿ ਨੌਜਵਾਨਾਂ ਦੀ ਭਲਾਈ ਹਰ ਹੀਲੇ ਯਕੀਨੀ ਬਣੇ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ 500 ਤੋਂ ਵੱਧ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਕਲੀਨਿਕ ਲੋਕਾਂ ਨੂੰ ਵਿਸ਼ਵ ਪੱਧਰੀ ਇਲਾਜ ਤੇ ਡਾਇਗਨੌਸਟਿਕ ਸੇਵਾਵਾਂ ਮੁਫ਼ਤ ਵਿੱਚ ਮੁਹੱਈਆ ਕਰ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਹੁਣ ਤੱਕ 21.21 ਲੱਖ ਮਰੀਜ਼ ਇਨ੍ਹਾਂ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ ਅਤੇ ਕੁੱਝ ਹੀ ਮਹੀਨਿਆਂ ਵਿੱਚ ਲੱਖਾਂ ਹੀ ਹੋਰ ਮਰੀਜ਼ ਮੁਫ਼ਤ ਵਿੱਚ ਆਪਣੇ ਟੈਸਟ ਕਰਵਾ ਚੁੱਕੇ ਹਨ।

ਖਰਾਬ ਫਸਲ ਦਾ ਮੁਆਵਜ਼ਾ :ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦੇਣ ਲਈ ਫ਼ਸਲ ਦੇ ਖ਼ਰਾਬੇ ਦਾ ਮੁਆਵਜ਼ਾ ਸੂਬਾ ਸਰਕਾਰ ਨੇ 25 ਫੀਸਦੀ ਵਧਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ 75 ਫੀਸਦੀ ਤੋਂ ਵੱਧ ਫ਼ਸਲ ਖ਼ਰਾਬ ਹੋਈ ਹੈ, ਉਨ੍ਹਾਂ ਨੂੰ ਸੂਬਾ ਸਰਕਾਰ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇਗੀ। ਭਗਵੰਤ ਮਾਨ ਨੇ ਕਿਹਾ ਕਿ ਇਸ ਦਾ ਉਦੇਸ਼ ਕਿਸੇ ਵੀ ਕੀਮਤ ਉਤੇ ਕਿਸਾਨਾਂ ਦੀ ਭਲਾਈ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸੂਬੇ ਭਰ ਵਿੱਚ ਵਿਸ਼ੇਸ਼ ਗਿਰਦਾਵਰੀ ਚੱਲ ਰਹੀ ਹੈ ਅਤੇ ਵਿਸਾਖੀ ਤੋਂ ਪਹਿਲਾਂ ਮੁਆਵਜ਼ਾ ਵੰਡਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਮੁਸ਼ਕਲ ਦੀ ਘੜੀ ਵਿੱਚ ਪੂਰੀ ਤਰ੍ਹਾਂ ਅੰਨਦਾਤਾ ਨਾਲ ਖੜ੍ਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਕ ਹੋਰ ਵੱਡੀ ਕਿਸਾਨ ਪੱਖੀ ਪਹਿਲਕਦਮੀ ਵਿੱਚ ਸੂਬਾ ਸਰਕਾਰ ਨੇ ਮੁੱਢਲੀਆਂ ਖੇਤੀਬਾੜੀ ਸਹਿਕਾਰੀ ਸੁਸਾਇਟੀਆਂ ਦੇ ਕਰਜ਼ੇ ਦੀ ਮੁੜ ਅਦਾਇਗੀ ਰੋਕਣ ਦਾ ਫੈਸਲਾ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਵਚਨਬੱਧ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ 117 ‘ਸਕੂਲ ਆਫ ਐਮੀਨੈਂਸ’ ਸਥਾਪਤ ਕੀਤੇ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਇਹ ਸਕੂਲ ਵਿਦਿਆਰਥੀਆਂ ਨੂੰ ਇੰਜਨੀਅਰਿੰਗ, ਲਾਅ, ਕਾਮਰਸ, ਯੂ.ਪੀ.ਐਸ.ਸੀ. ਤੇ ਐਨ.ਡੀ.ਏ ਵਰਗੇ ਪੇਸ਼ੇਵਰ ਤੇ ਮੁਕਾਬਲੇ ਵਾਲੇ ਕੋਰਸਾਂ ਲਈ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਕੂਲ ਨੌਜਵਾਨਾਂ ਨੂੰ ਵਿਸ਼ਵ ਪੱਧਰ ਉਤੇ ਹੋਰ ਮੁਲਕਾਂ ਦੇ ਨੌਜਵਾਨਾਂ ਨਾਲ ਮੁਕਾਬਲਾ ਕਰਨ ਦੇ ਯੋਗ ਬਣਾਉਣਗੇ। ਆਪਣੇ ਸੰਬੋਧਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਯੋਗਸ਼ਾਲਾ ਦਾ ਇਹ ਤਜਰਬੇ ਕੌਮੀ ਰਾਜਧਾਨੀ ਵਿੱਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਨੇ ਇਨ੍ਹਾਂ ਤਜਰਬਿਆਂ ਨੂੰ ਕਾਫ਼ੀ ਵੱਡਾ ਹੁੰਗਾਰਾ ਦਿੱਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦੀਆਂ ਲੋਕ-ਪੱਖੀ ਪਹਿਲਕਦਮੀਆਂ ਨੂੰ ਪੰਜਾਬ ਦੇ ਹੋਰ ਕਈ ਹਿੱਸਿਆਂ ਵਿੱਚ ਵੀ ਲਾਗੂ ਕੀਤਾ ਜਾਵੇਗਾ।

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੁੱਢਲੇ ਪੜਾਅ ਵਿੱਚ ਪਟਿਆਲਾ, ਫਗਵਾੜਾ, ਅੰਮ੍ਰਿਤਸਰ ਤੇ ਲੁਧਿਆਣਾ ਵਰਗੇ ਚਾਰ ਸ਼ਹਿਰਾਂ ਵਿੱਚ ਯੋਗਸ਼ਾਲਾ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਨੂੰ ਸੂਬੇ ਦੇ ਹੋਰ ਹਿੱਸਿਆਂ ਤੱਕ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਸਿੱਖਿਅਤ ਯੋਗ ਇੰਸਟ੍ਰਕਟਰ ਲੋਕਾਂ ਨੂੰ ਮੁਫ਼ਤ ਵਿੱਚ ਯੋਗ ਆਸਣ ਸਿਖਾਉਣਗੇ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਵੱਲੋਂ ਇਨ੍ਹਾਂ ਨੂੰ ਰੋਕ ਦੇਣ ਤੱਕ ਦਿੱਲੀ ਦੇ 17 ਹਜ਼ਾਰ ਵਿਅਕਤੀ ਮੁਫ਼ਤ ਵਿੱਚ ਯੋਗ ਦੀ ਸਿਖਲਾਈ ਲੈ ਚੁੱਕੇ ਸਨ।

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਯੋਗ ਬਿਮਾਰੀਆਂ ਨੂੰ ਦੂਰ ਭਜਾ ਕੇ ਪੰਜਾਬੀਆਂ ਨੂੰ ਸਿਹਤਮੰਦ ਬਣਾਏਗਾ। ਉਨ੍ਹਾਂ ਸਿੱਖਿਆ, ਸਿਹਤ ਤੇ ਕਾਨੂੰਨ-ਵਿਵਸਥਾ ਦੇ ਖੇਤਰ ਵਿੱਚ ਕੀਤੀਆਂ ਕਈ ਮਿਸਾਲੀ ਪਹਿਲਕਦਮੀਆਂ ਲਈ ਭਗਵੰਤ ਮਾਨ ਦੀ ਸ਼ਲਾਘਾ ਕੀਤੀ। ਕੇਜਰੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਹੀ ਪ੍ਰਾਪਤ ਜ਼ਿਆਦਾਤਰ ਗੈਂਗਸਟਰ ਅੱਜ ਸਲਾਖਾਂ ਪਿੱਛੇ ਹਨ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਨਾਲ ਬੇਅਦਬੀ ਦੇ ਕੇਸਾਂ ਵਿੱਚ ਇਨਸਾਫ਼ ਯਕੀਨੀ ਬਣੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਨਾਲ ਸੂਬੇ ਦੀਆਂ ਪੀੜ੍ਹੀਆਂ ਨੂੰ ਤਬਾਹ ਕਰਨ ਵਾਲਾ ਸਿਆਸਤਦਾਨਾਂ, ਨੌਕਰਸ਼ਾਹਾਂ ਅਤੇ ਨਸ਼ਾ ਤਸਕਰਾਂ ਦਾ ਗਠਜੋੜ ਜਲਦੀ ਸਲਾਖਾਂ ਪਿੱਛੇ ਹੋਵੇਗਾ। ਕੇਜਰੀਵਾਲ ਨੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅਫ਼ਰਾ-ਤਫ਼ਰੀ ਦੇ ਬਾਵਜੂਦ ਪੰਜਾਬ ਵਿੱਚ ਕਾਨੂੰਨ-ਵਿਵਸਥਾ ਬਰਕਰਾਰ ਰੱਖਣ ਲਈ ਸੂਬਾ ਸਰਕਾਰ ਦੀ ਤਾਰੀਫ਼ ਕੀਤੀ।

ਦਿੱਲੀ ਦੇ ਮੁੱਖ ਮੰਤਰੀ ਨੇ ਫ਼ਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਵਿੱਚ 25 ਫੀਸਦੀ ਵਾਧੇ ਨਾਲ ਕਿਸਾਨਾਂ ਦੇ ਜ਼ਖ਼ਮਾਂ ਉਤੇ ਮੱਲ੍ਹਮ ਲਾਉਣ ਲਈ ਵੀ ਸੂਬਾ ਸਰਕਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਤੇ ਪੰਜਾਬੀਆਂ ਦੇ ਅਸਲ ਹਿਤੈਸ਼ੀ ਹਨ ਕਿਉਂਕਿ ਉਹ ਸਮਾਜ ਦੇ ਹਰੇਕ ਵਰਗ ਦੀ ਭਲਾਈ ਨਾਲ ਸਰੋਕਾਰ ਰੱਖਦੇ ਹਨ। ਕੇਜਰੀਵਾਲ ਨੇ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਨੌਜਵਾਨਾਂ ਨੂੰ ਸਰਗਰਮ ਸਹਿਯੋਗੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚੁੱਕੇ ਕਦਮਾਂ ਦੀ ਵੀ ਤਾਰੀਫ਼ ਕੀਤੀ। ਇਸ ਤੋਂ ਪਹਿਲਾਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਾਰੇ ਮਹਿਮਾਨਾਂ ਦਾ ਸਮਾਗਮ ਵਿੱਚ ਪੁੱਜਣ ਲਈ ਧੰਨਵਾਦ ਕੀਤਾ। ਸਮਾਗਮ ਦੌਰਾਨ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਰਾਜ ਸਭਾ ਮੈਂਬਰ ਰਾਘਵ ਚੱਢਾ, ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਏ. ਵੇਨੂ ਪ੍ਰਸਾਦ ਤੇ ਹੋਰ ਹਾਜ਼ਰ ਸਨ। ( ਪ੍ਰੈੱਸ ਨੋਟ )

Last Updated : Apr 5, 2023, 6:26 PM IST

ABOUT THE AUTHOR

...view details