ਚੰਡੀਗੜ੍ਹ :ਪੰਜਾਬ ਵਿੱਚ ਮੀਂਹ ਨੇ ਇਕ ਵਾਰ ਫਿਰ ਕਿਸਾਨਾਂ ਦੇ ਮੱਥੇ ਉੱਤੇ ਚਿੰਤਾਂ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੋਣ ਦਾ ਖਦਸ਼ਾ ਵੀ ਹੈ। ਦੂਜੇ ਪਾਸੇ ਇਸੇ ਚਿੰਤਾ ਦੇ ਹੱਲ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਟਵੀਟ ਕਰਕੇ ਕਿਸਾਨਾਂ ਨੂੰ ਹੌਂਸਲਾ ਦਿੱਤਾ ਹੈ। ਆਪਣੇ ਟਵੀਟ ਵਿੱਚ ਮਾਨ ਨੇ ਕਿਹਾ ਹੈ ਕਿ ਜਿੱਥੇ ਵੀ ਬੇਮੌਸਮੀ ਬਰਸਾਤ ਤੇ ਗੜੇਮਾਰੀ ਨਾਲ ਫਸਲਾਂ, ਬਾਗਾਂ ਅਤੇ ਘਰਾਂ ਦਾ ਨੁਕਸਾਨ ਹੋਇਆ ਹੈ ਓਥੇ ਸਪੈਸ਼ਲ ਗਿਰਦਾਵਰੀ ਹਫ਼ਤੇ ਦੇ ਅੰਦਰ ਕਰਕੇ ਰਿਪੋਰਟ ਦੇਣ ਲਈ ਨਿਰਦੇਸ਼ ਦੇ ਦਿੱਤੇ ਹਨ। ਉਨ੍ਹਾਂ ਲਿਖਿਆ ਕਿ ਮੇਰੀ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਇੱਕ-ਇੱਕ ਪੈਸੇ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ। ਹੌਸਲਾ ਅਤੇ ਯਕੀਨ ਰੱਖੋ ਸਰਕਾਰ ਤੁਹਾਡੇ ਨਾਲ ਹੈ।
ਕਿਸਾਨਾਂ ਨੇ ਕੀਤੀ ਸੀ ਮੁਆਵਜ਼ੇ ਦੀ ਮੰਗ :ਜ਼ਿਕਰਯੋਗ ਹੈ ਕਿ ਬੀਤੇ ਦਿਨ ਤੋਂ ਰੁੱਕ-ਰੁੱਕ ਕੇ ਹੋ ਰਹੀ ਬੇਮੌਸਮੀ ਬਰਸਾਤ ਦੇ ਕਾਰਨ ਰੂਪਨਗਰ ਤੇ ਪੰਜਾਬ ਦੇ ਹੋਰ ਇਲਾਕਿਆਂ ਦੇ ਖੇਤਾਂ ਵਿੱਚ ਖੜ੍ਹੀ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਰੁਕ-ਰੁਕ ਕੇ ਹੋ ਰਹੀ ਇਸ ਆਫ਼ਤ ਦੀ ਬਰਸਾਤ ਕਾਰਣ ਉਨ੍ਹਾਂ ਦੀ ਫਸਲ ਡਿੱਗ ਕੇ ਤਾਂ ਖਰਾਬ ਹੁੰਦੀ ਹੀ ਹੈ, ਪਰ ਇਸ ਨਾਲ ਕਿਸਾਨ ਉੱਤੇ ਆਰਥਿਕ ਬੋਝ ਦੁੱਗਣਾ ਪੈ ਜਾਂਦਾ ਹੈ। ਖੇਤਾਂ ਦੇ ਵਿੱਚ ਡਿੱਗੀ ਹੋਈ ਫਸਲ ਦੇ ਮੁੱਖ ਤੌਰ ਉੱਤੇ ਦੋ ਨੁਕਸਾਨ ਹੁੰਦੇ ਹਨ। ਪਹਿਲਾਂ ਤਾਂ ਫਸਲ ਦਾ ਦਾਣਾ ਕਾਲਾ ਹੋ ਜਾਂਦਾ ਹੈ ਅਤੇ ਪਸ਼ੂਆਂ ਦੇ ਚਾਰੇ ਦੇ ਵਿੱਚ ਵਰਤਣ ਵਾਲੀ ਤੂੜੀ ਨਹੀਂ ਬਣਦੀ। ਦੂਜਾ ਨੁਕਸਾਨ ਹੁੰਦਾ ਹੈ ਕਿ ਫਸਲ ਨੂੰ ਪੈ ਰਿਹਾ ਦਾਣਾ ਨਹੀਂ ਭਰਦਾ ਜਿਸ ਕਾਰਣ ਫਸਲ ਦਾ ਝਾੜ ਵੀ ਨਹੀਂ ਨਿਕਲਦਾ ਅਤੇ ਕਿਸਾਨ ਨੂੰ ਦੋਹਰੀ ਮਾਰ ਪੈਂਦੀ ਹੈ।
ਸਰਕਾਰ ਖਿਲਾਫ ਰੋਸਾ : ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਸੀਐੱਮ ਮਾਨ ਖ਼ਿਲਾਫ਼ ਭੜਾਸ ਕੱਢਦਿਆਂ ਕਿਹਾ ਕਿ ਉਨ੍ਹਾਂ ਨੇ ਤਿੰਨ ਦਿਨ ਪਹਿਲਾਂ ਨੁਕਸਾਨੀ ਗਈ ਫਸਲ ਦੀ ਗਿਰਦਾਵਰੀ ਦੇ ਹੁਕਮ ਤਾਂ ਦਿੱਤੇ ਨੇ ਪਰ ਹੁਣ ਤੱਕ ਕੋਈ ਵੀ ਸਬੰਧਿਤ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਕਣਕ ਦੀ ਪੱਕੀ ਫਸਲ ਨੁਕਸਾਨੀ ਗਈ ਸੀ ਅਤੇ ਉਸ ਦਾ ਵੀ ਮੁਆਵਜ਼ਾ ਸਰਕਾਰਾਂ ਵੱਲੋਂ ਜਾਰੀ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਇੱਕ ਸਾਲ ਫਸਲ ਦੇ ਨਕਲੀ ਬੀਜਾਂ ਕਾਰਣ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਸੀ ਅਤੇ ਸਰਕਾਰ ਨੇ ਮੰਨਿਆ ਵੀ ਸੀ ਕਿ ਨਕਲੀ ਬੀਜ਼ਾਂ ਕਾਰਣ ਕਿਸਾਨਾਂ ਦਾ ਨੁਕਸਾ ਹੋਇਆ ਸੀ ਪਰ ਉਸ ਦਾ ਵੀ ਮੁਆਵਜ਼ਾ ਅੱਜ ਤੱਕ ਉਨ੍ਹਾਂ ਨੂੰ ਨਹੀਂ ਮਿਲਿਆ।
ਇਹ ਵੀ ਪੜ੍ਹੋ :Navjot Sidhu Sister: ਨਵਜੋਤ ਸਿੱਧੂ ਦੀ ਭੈਣ ਨੇ ਸਰਕਾਰ ਨੂੰ ਕੀਤੀ ਭਾਵੁਕ ਅਪੀਲ, ਕਿਹਾ-ਸਿੱਧੂ ਨੂੰ ਤਰਸ ਦੇ ਆਧਾਰ 'ਤੇ ਛੱਡਿਆ ਜਾਵੇ
ਕਿਸਾਨਾਂ ਉੱਤੇ ਵਿੱਤੀ ਸੰਕਟ :ਕਿਸਾਨਾਂ ਵੱਲੋਂ ਲਗਾਤਾਰ ਸਰਕਾਰ ਤੋਂ ਗਿਰਦਾਵਰੀ ਕਰਵਾਉਣ ਉਸ ਤੋਂ ਬਾਅਦ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲਾਂ ਦੌਰਾਨ ਕਿਸਾਨੀ ਉੱਤੇ ਕੁਦਰਤੀ ਆਫਤਾਂ ਕਾਰਣ ਵੱਡੇ ਆਰਥਿਕ ਬੋਝ ਪਏ ਹਨ। ਬੀਤੇ ਸਾਲਾਂ ਦੌਰਾਨ ਵਧੀ ਹੋਈ ਗਰਮੀ ਦੇ ਕਾਰਨ ਕਣਕ ਦੇ ਝਾੜ ਵਿੱਚ ਕਮੀ ਆਈ ਅਤੇ ਕਿਸਾਨਾਂ ਦੇ ਲਈ ਲਾਹੇਵੰਦ ਧੰਦੇ ਦੁੱਧ ਉਤਪਾਦਨ ਨੂੰ ਲੰਪੀ ਸਕਿੰਨ ਨੇ ਪ੍ਰਭਾਵਿਤ ਕੀਤਾ। ਇਸ ਤੋਂ ਬਾਅਦ ਕਿਸਾਨਾਂ ਨੇ ਹੁਣ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਉਨ੍ਹਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾਈ ਜਾਵੇ ਅਤੇ ਨਾਲ ਦੀ ਨਾਲ ਹੀ ਮੁਆਵਜ਼ਾ ਵੀ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਜਲਦ ਮਸਲੇ ਦਾ ਹੱਲ ਨਹੀਂ ਕਰਦੀ ਤਾਂ ਉਹ ਮਜਬੂਰਨ ਸੜਕਾਂ ਉੱਤੇ ਆਉਣਗੇ।