ਸੂਬੇ ਵਿੱਚ ਸਥਿਤੀ ਕਾਬੂ ਤੋਂ ਬਾਹਰ, ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਤੇ ਮੰਤਰੀਆਂ ਨੂੰ ਸਖ਼ਤ ਨਿਰਦੇਸ਼ ਚੰਡੀਗੜ੍ਹ ਡੈਸਕ : ਚੰਡੀਗੜ੍ਹ ਸਮੇਤ ਪੰਜਾਬ 'ਚ ਕੱਲ੍ਹ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਾਣੀ ਭਰਿਆ ਹੋਇਆ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਬਾਹਰ ਜਾ ਕੇ ਲੋਕਾਂ ਦੀ ਹਰ ਸੰਭਵ ਮਦਦ ਕਰਨ। DCs ਤੇ SSPs ਨੂੰ ਵੀ ਫੀਲਡ 'ਤੇ ਰਾਹਤ ਕਾਰਜ ਤੇਜ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਨੀਵੇਂ ਤੇ ਦਰਿਆਵਾਂ ਨਾਲ ਲੱਗਦੇ ਇਲਾਕਿਆਂ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਦੇ ਅਧਿਕਾਰੀਆਂ ਨੂੰ ਨਿਰਦੇਸ਼ :ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿੱਥੇ ਵੀ ਪਾਣੀ ਭਰਿਆ ਹੋਵੇ ਉੱਥੇ ਵਾਟਰ ਪੰਪ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਅਗਲੇ ਦੋ ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਹਰ ਸੰਭਵ ਯਤਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਹਦਾਇਤਾਂ ਕਾਰਨ ਸੂਬੇ ਭਰ ਦੀਆਂ ਸਾਰੀਆਂ ਜ਼ਿਲ੍ਹਾ ਪ੍ਰਸ਼ਾਸਨਿਕ ਟੀਮਾਂ ਅਲਰਟ ਮੋਡ 'ਤੇ ਹਨ। ਚੰਡੀਗੜ੍ਹ 'ਚ ਸੁਖਨਾ ਝੀਲ ਦੇ ਪਾਣੀ ਦਾ ਪੱਧਰ ਵਧਣ ਕਾਰਨ ਫਲੱਡ ਗੇਟ ਖੋਲ੍ਹਣੇ ਪਏ ਹਨ, ਉਥੇ ਹੀ ਸਥਿਤੀ ਕਾਬੂ ਤੋਂ ਬਾਹਰ ਹੋਣ ਕਾਰਨ ਐਨਡੀਆਰਐਫ ਦੀ ਟੀਮ ਨੂੰ ਮੁਹਾਲੀ ਬੁਲਾਇਆ ਗਿਆ ਹੈ। ਮੁੱਖ ਸੜਕਾਂ ਅਤੇ ਚੌਕ ਪਾਣੀ ਨਾਲ ਭਰੇ ਪਏ ਹਨ ਅਤੇ ਪਾਣੀ ਘਰਾਂ ਦੇ ਅੰਦਰ ਵੀ ਪਹੁੰਚ ਗਿਆ ਹੈ।
ਮੋਹਾਲੀ ਦੀਆਂ ਸੜਕਾਂ ਉਤੇ ਭਰਿਆ ਪਾਣੀ : ਮੋਹਾਲੀ ਦੇ ਫੇਜ਼-2 ਅਤੇ ਫੇਜ਼-11 ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਹੈ। ਜ਼ਿਲ੍ਹੇ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਲੋਕ ਬੇਵੱਸ ਹੋ ਕੇ ਪ੍ਰਸ਼ਾਸਨਿਕ ਤਿਆਰੀਆਂ 'ਤੇ ਸਵਾਲ ਖੜ੍ਹੇ ਕਰ ਰਹੇ ਹਨ। ਮੋਹਾਲੀ ਏਅਰਪੋਰਟ ਰੋਡ ਨਜ਼ਦੀਕ ਗੋਪਾਲ ਸਵੀਟਸ ਨਜ਼ਦੀਕ ਤੋਂ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਗੱਡੀਆਂ ਪਾਣੀ ਵਿੱਚ ਫਸੀਆਂ ਹੋਈਆਂ ਹਨ। ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਅਤੇ ਪਟਿਆਲਾ ਦੇ ਡੀਸੀ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿੱਚ ਭਾਰੀ ਮੀਂਹ ਦੌਰਾਨ ਮਾੜੀ ਅਤੇ ਛੋਟੀ ਨਦੀ ਦਾ ਦੌਰਾ ਕੀਤਾ। ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਪ੍ਰਸ਼ਾਸਨ ਵੱਲੋਂ ਹਰ ਲੋੜੀਂਦਾ ਕਦਮ ਚੁੱਕਿਆ ਜਾਵੇਗਾ। ਚੌਕਸੀ ਦੇ ਮੱਦੇਨਜ਼ਰ ਮਾੜੀ ਨਦੀ ਦੇ ਨੇੜੇ ਰਹਿੰਦੇ ਪਰਿਵਾਰਾਂ ਨੂੰ ਪਹਿਲਾਂ ਹੀ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਗਿਆ ਹੈ।
ਪਹਾੜੀ ਇਲਾਕਿਆਂ ਵਿੱਚ ਵੀ ਮਾੜੇ ਹਾਲਾਤ :ਜੰਮੂ-ਕਸ਼ਮੀਰ ਦੇ ਪਹਾੜੀ ਅਤੇ ਮੈਦਾਨੀ ਇਲਾਕਿਆਂ 'ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਬਮਿਆਲ ਸੈਕਟਰ 'ਚ ਉੱਜ ਨਦੀ 'ਚ ਬਰਸਾਤ, 1 ਲੱਖ 90 ਹਜ਼ਾਰ ਕਿਊਸਿਕ ਪਾਣੀ ਬਮਿਆਲ ਨੇੜੇ ਉੱਜ ਨਦੀ 'ਚ ਪਹੁੰਚਿਆ, ਸੜਕਾਂ, ਖੇਤਾਂ ਅਤੇ ਘਰਾਂ 'ਚ ਚਾਰੇ ਪਾਸੇ ਪਾਣੀ ਨਜ਼ਰ ਆ ਰਿਹਾ ਹੈ | ਬਮਿਆਲ ਵਿੱਚ ਸਿਰਫ਼ ਪਾਣੀ, ਪ੍ਰਸ਼ਾਸਨ ਨੇ ਲੋਕਾਂ ਨੂੰ ਦਰਿਆ ਕਿਨਾਰਿਆਂ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਹੈ।