ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਏ ਦਿਨ ਪੰਜਾਬੀਆਂ ਲਈ ਕੋਈ ਨਾ ਕੋਈ ਐਲਾਨ ਕੀਤਾ ਜਾ ਰਿਹਾ ਹੈ। ਅੱਜ ਇੱਕ ਵਾਰ ਫਿਰ ਮੱਖ ਮੰਤਰੀ ਨੇ ਆਖਿਆ ਕਿ ਕੱਲ੍ਹ 13 ਸਤੰਬਰ ਪੰਜਾਬ ਲਈ ਇਤਿਹਾਸਿਕ ਦਿਨ ਹੋਵੇਗਾ। ਇਸ ਗੱਲ ਦਾ ਐਲਾਨ ਉਨ੍ਹਾਂ ਵੱਲੋਂ 249 ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪਣ ਮਗਰੋਂ ਕੀਤਾ ਗਿਆ। ਇਹ ਸਮਾਗਮ ਮਿਉਂਸਪਲ ਭਵਨ ਚੰਡੀਗੜ੍ਹ ਵਿੱਚ ਕਰਵਾਇਆ ਗਿਆ।
ਪਹਿਲਾ ਐਮੀਨੈਂਸ ਸਕੂਲ: ਮੁੱਖ ਮੰਤਰੀ ਨੇ ਸੰਬੋਧਨ ਕਰਦੇ ਆਖਿਆ ਕਿ ਉਨ੍ਹਾਂ ਨੇ ਪੰਜਾਬ 'ਚ 117 ਸਕੂਲ ਆਫ਼ ਐਮੀਨੈਂਸ ਚੁਣੇ ਹਨ। ਇਸੇ ਨੂੰ ਅੱਗੇ ਤੋਰਦੇ ਹੋਏ ਕੱਲ੍ਹ ਪਹਿਲਾ ਸਕੂਲ ਆਫ਼ ਐਮੀਨੈਂਸ ਖੁੱਲਣ ਜਾ ਰਿਹਾ ਹੈ, ਜੋ ਅੰਮ੍ਰਿਤਸਰ ਦੇ ਛੇਹਰਟਾ 'ਚ ਹੋਵੇਗਾ। ਸੀਐੱਮ ਮਾਨ ਨੇ ਕਿਹਾ ਕਿ ਸਕੂਲ ਬਹੁਤ ਸ਼ਾਨਦਾਰ ਹੋ ਜਾਣਗੇ, ਜਿਸ ਮਗਰੋਂ ਮਾਪਿਆਂ ਦੀ ਮਰਜ਼ੀ ਹੋਵੇਗੀ ਕਿ ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ 'ਚ ਪੜਾਉਣਗੇ ਜਾਂ ਫਿਰ ਸਰਕਾਰੀ ਸਕੂਲ਼ 'ਚ ਪੜਾਈ ਕਰਵਾਉਣਗੇ। ਉਨ੍ਹਾਂ ਆਖਿਆ ਕਿ ਦੋਵਾਂ ਸਕੂਲਾਂ 'ਚ ਬਸ ਇੱਕ ਫਰਕ ਹੋਵੇਗਾ ਪ੍ਰਾਈਵੇਟ ਸਕੂਲਾਂ 'ਚ ਫੀਸ ਲੱਗੇਗੀ ਜਦ ਕਿ ਸਰਕਾਰੀ ਸਕੂਲਾਂ 'ਚ ਮੁਫ਼ਤ ਪੜਾਈ ਹੋਵੇਗੀ।
ਪੰਜਾਬ 'ਚ ਇਸਰੋ ਮਿਊਜ਼ੀਅਮ: ਮੱਖ ਮੰਤਰੀ ਨੇ ਆਖਿਆ ਕਿ ਸਾਡੇ ਅਧਿਆਪਕ ਸਿੰਘਾਪੁਰ, ਫਿਨਲੈਂਡ ਤੋਂ ਟ੍ਰੇਨਿੰਗ ਲੈ ਕੇ ਆ ਰਹੇ ਹਨ। ਅਧਿਆਪਕਾਂ ਦੀ ਅਹਿਮਦਾਬਾਦ 'ਚ ਟ੍ਰੇਨਿੰਗ ਹੋ ਰਹੀ ਹੈ। ਪੰਜਾਬ ਦੇ ਬੱਚੇ ਇਸਰੋ 'ਚ ਜਾ ਕੇ ਚੰਦਰਯਾਨ-3 ਦੀ ਲਾਂਚਿੰਗ ਦੇਖ ਕੇ ਆਏ ਹਨ। ਮਾਨ ਨੇ ਕਿਹਾ ਇਸਰੋ ਪੰਜਾਬ 'ਚ ਮਿਊਜ਼ੀਅਮ ਬਣਾਉਣ ਦੀ ਗੱਲ ਆਖ ਰਿਹਾ ਹੈ। ਇਸ ਨਾਲ ਬੱਚਿਆਂ ਦਾ ਵਿਕਾਸ ਹੋਵੇਗਾ ਜੋ ਕਿ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।