Commencement Day of PUP: ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਬੋਲੇ ਸੀਐੱਮ ਮਾਨ, ਕਿਹਾ-ਗ੍ਰਾਂਟਾ ਦੇਣ ਦਾ ਕੰਮ ਸਾਡਾ, ਮੈਡਲ ਲਿਆਉਣ ਦਾ ਕੰਮ ਤੁਹਾਡਾ ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅੱਜ 62ਵਾਂ ਸਥਾਪਨਾ ਦਿਹਾੜਾ ਮਨਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਸਥਾਪਨਾ ਦਿਹਾੜੇ ਮੌਕੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਲੋਕ ਨਾਚ ਦਾ ਆਨੰਦ ਮਾਣਿਆ। ਇਸ ਮੌਕੇ ਸੀਐੱਮ ਮਾਨ ਨੇ ਵਿਦਿਆਰਥੀਆਂ ਦੀ ਵੱਖ-ਵੱਖ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਵਿਦਿਆਰਥੀਆਂ ਨੇ ਪੰਜਾਬ ਦੇ ਲੋਕ ਨਾਚ ਨਾਲ ਜੁੜੇ ਹਰ ਇੱਕ ਸਾਜ਼ ਦੀ ਬਹੁਤ ਵਧੀਆ ਪੇਸ਼ਕਾਰੀ ਕੀਤੀ ਜਿਸ ਨੇ ਸਮਾਂ ਬੰਨ੍ਹ ਦਿੱਤਾ।
ਗ੍ਰਾਂਟਾਂ ਦੀ ਨਹੀਂ ਕਮੀ:ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਫੰਡਾਂ ਅਤੇ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਹੈ। ਇਸ ਲਈ ਵਿਦਿਆਰਥੀ ਅਤੇ ਅਧਿਆਪਕ ਭਵਿੱਖ ਦੀ ਚਿੰਤਾ ਕਰਨੀ ਛੱਡ ਦੇਣ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਮਦਦ ਲਈ ਪੰਜਾਬ ਸਰਕਾਰ ਹਮੇਸ਼ਾ ਖੜ੍ਹੀ ਹੈ ਪਰ ਇਸ ਦੇ ਬਦਲੇ ਵਿਦਿਆਰਥੀਆਂ ਨੂੰ ਵੀ ਵੱਖ-ਵੱਖ ਖੇਤਰਾਂ ਵਿੱਚ ਮਿਹਨਤ ਕਰਕੇ ਮੈਡਲ ਲਿਆਉਣੇ ਪੈਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸਕੂਲ ਆਫ ਐਮੀਨੈਂਸ ਦਾ ਆਗਾਜ਼ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਅੰਦਰ ਵਰਲਡ ਕਲਾਸ ਸਕੂਲ ਅਤੇ ਪੜ੍ਹਾਈ ਵਿਦਿਆਰਥੀਆਂ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਭਵਿੱਖ ਵਿੱਚ ਕੀ ਕਰਨਾ ਹੈ ਇਸ ਸਬੰਧੀ ਵੀ ਉਨ੍ਹਾਂ ਦੀ ਕਰੀਅਰ ਕਾਉਂਸਲਿੰਗ ਕਰਵਾਈ ਜਾਵੇਗੀ ਤਾਂ ਜੋ ਬੱਚੇ ਆਪਣੇ ਭਵਿੱਖ ਦਾ ਫੈਸਲਾ ਖੁਦ ਕਰ ਸਕਣ।
ਲੜ੍ਹਾਈਆਂ ਛੱਡ ਪੜ੍ਹਾਈ ਵੱਲ ਕਰੋ ਧਿਆਨ:ਸੀਐੱਮ ਮਾਨ ਨੇ ਕਿਹਾ ਯੂਨੀਵਰਸਿਟੀ ਵਿੱਦਿਆ ਦਾ ਸਮੁੰਦਰ ਹੈ ਅਤੇ ਇਸ ਦੇ ਅੰਦਰ ਮੌਜੂਦ ਲਾਇਬਰੇਰੀ ਵਿੱਚ ਪੂਰੇ ਵਿਸ਼ਵ ਨਾਲ ਸਬੰਧਿਤ ਕਿਤਾਬਾਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕਿਤਾਬਾਂ ਪੜ੍ਹਨ ਦੀ ਲੋੜ ਹੈ ਨਾ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਹਥਿਆਰ ਚੁੱਕਣ ਦੀ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਕਿਤਾਬਾਂ ਦਾ ਸਾਥ ਕਰਨਗੇ ਤਾਂ ਉਨ੍ਹਾਂ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ। ਸੀਐੱਮ ਮਾਨ ਨੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਆਮ ਘਰਾਂ ਵਿੱਚੋਂ ਉੱਠ ਕੇ ਮੁਕਾਮ ਹਾਸਿਲ ਕਰਨ ਵਾਲੇ ਲੋਕਾਂ ਦੀਆਂ ਜੀਵਨੀਆਂ ਸਬੰਧੀ ਵੀ ਦੱਸਿਆ।
ਪੰਜਾਬੀ ਮਾਂ ਬੋਲੀ ਦਾ ਪਸਾਰ:ਸੀਐੱਮ ਮਾਨ ਨੇ ਮਾਂ ਬੋਲੀ ਪੰਜਾਬੀ ਦੀਆਂ ਸਿਫ਼ਤਾਂ ਕਰਦਿਆਂ ਕਿਹਾ ਕਿ ਸੂਬੇ ਅੰਦਰ ਸਾਰੇ ਅਦਾਰਿਆਂ ਅਤੇ ਦੁਕਾਨਾਂ ਵਿੱਚ ਪੰਜਾਬੀ ਮਾਂ ਬੋਲੀ ਹਰ ਜਗ੍ਹਾ ਟਾਪ ਉੱਤੇ ਰੱਖੀ ਜਾਵੇਗੀ। ਮਾਨ ਨੇ ਅੱਠਵੀਂ ਜਮਾਤ ਵਿੱਚ ਟਾਪ ਕਰਨ ਵਾਲੀਆਂ ਵਿਦਿਆਰਥਣਾਂ ਦੀ ਤਰੀਫ ਕਰਦਿਆਂ ਦੋਹਰਾਇਆ ਕਿ ਸਰਕਾਰ ਵੱਲੋਂ ਹੋਣਹਾਰ ਧੀਆਂ ਦੇ ਸਨਮਾਨ ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਗਿਆ। ਮਾਨ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਜੂਦ ਨੂੰ ਕੋਈ ਖਤਰਾ ਨਹੀਂ ਅਤੇ ਯੂਨੀਵਰਸਿਟੀ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ।
ਇਹ ਵੀ ਪੜ੍ਹੋ:ਪੰਛੀਆਂ ਦੀ ਪਿਆਸ ਬੁਝਾਉਣ ਲਈ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਕੀਤਾ ਸ਼ਲਾਘਾਯੋਗ ਉਪਰਾਲਾ, ਸ਼ਹਿਰ 'ਚ ਵੱਖ-ਵੱਖ ਥਾਵਾਂ ਉੱਤੇ ਪੰਛੀਆਂ ਲਈ ਰੱਖੇ ਭਾਂਡੇ