ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਦਿੱਲੀ ਮਾਡਲ ਨੂੰ ਜੇਕਰ ਅਪਨਾਉਣਾ ਸੀ ਤਾਂ ਪੂਰਾ ਅਪਨਾਉਂਦੇ। ਦੱਸ ਦੇਈਏ ਕਿ ਮੁੱਖ ਮੰਤਰੀ ਵੱਲੋਂ ਵੀਰਵਾਰ ਨੂੰ ਸੂਬੇ ਭਰ ਵਿੱਚ ਮਹਿਲਾਵਾਂ ਅਤੇ ਲੜਕੀਆਂ ਲਈ ਸਰਕਾਰੀ ਬੱਸਾਂ ਵਿੱਚ ਸਫ਼ਰ ਮੁਫ਼ਤ ਕਰਨ ਦੀ ਸਕੀਮ ਦਾ ਉਦਘਾਟਨ ਕੀਤਾ ਗਿਆ ਹੈ।
ਮਹਿੰਗੀ ਬਿਜਲੀ ਵਿਰੁੱਧ 7 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇਗਾ ਜਨ ਅੰਦੋਲਨ: ਰਾਘਵ ਚੱਢਾ ਇਸ ਦੌਰਾਨ ਰਾਘਵ ਚੱਢਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਟਰਾਂਸਪੋਰਟ ਪਾਲਿਸੀ ਤਹਿਤ ਜੋ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਕਰਨ ਦਾ ਲਾਹਾ ਦਿੱਤਾ ਹੈ ਉਹ ਸਕੀਮ ਖੋਖਲੀ ਹੈ। ਦਰਅਸਲ 70 ਫ਼ੀਸਦੀ ਪੰਜਾਬ ਵਿੱਚ ਸੜਕਾਂ ਉੱਪਰ ਨਿੱਜੀ ਬੱਸਾਂ ਦੌੜਦੀਆਂ ਹਨ ਅਤੇ ਲਿੰਕ ਰੋਡ ਉੱਪਰ ਵੀ ਨਿੱਜੀ ਬੱਸਾਂ ਚਲਦੀਆਂ ਹਨ। 15 ਫ਼ੀਸਦੀ ਰੂਟ ਉੱਪਰ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ, ਜਦਕਿ ਏਸੀ ਬੱਸਾਂ ਵਿੱਚ ਕੋਈ ਸਹੂਲਤ ਨਹੀਂ। ਦੂਜੇ ਪਾਸੇ ਦਿੱਲੀ ਵਿਖੇ ਹਰ ਇੱਕ ਬੱਸ ਵਿੱਚ ਮਹਿਲਾਵਾਂ ਅਤੇ ਲੜਕੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ।
'ਲੋਕਾਂ ਨੂੰ ਰਾਹਤ ਦੇਣੀ ਹੈ ਤਾਂ ਕੈਪਟਨ ਸਾਬ੍ਹ ਬਿਜਲੀ ਵੀ ਮੁਫ਼ਤ ਦੇਣ'
ਰਾਘਵ ਚੱਢਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣੀ ਹੈ ਤਾਂ ਦਿੱਲੀ ਸਰਕਾਰ ਦੀ ਤਰ੍ਹਾਂ ਬਿਜਲੀ ਵੀ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਦਿੱਤੀ ਜਾਵੇ। ਜੇਕਰ ਅਜਿਹਾ ਕੈਪਟਨ ਅਮਰਿੰਦਰ ਨਹੀਂ ਕਰਦੇ ਤਾਂ ਸੂਬੇ ਭਰ ਦੇ ਵਿੱਚ ਬਿਜਲੀ ਮੁਫ਼ਤ ਦੇਣ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਹਰ ਇੱਕ ਵਿਧਾਇਕ ਸਾਂਸਦ ਅਤੇ ਵਰਕਰ ਜਨ ਅੰਦੋਲਨ ਕਰੇਗਾ।
'ਮਹਿੰਗੀ ਬਿਜਲੀ ਵਿਰੁੱਧ 7 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇਗਾ ਜਨ ਅੰਦੋਲਨ'
ਉਨ੍ਹਾਂ ਕਿਹਾ ਕਿ ਸੱਤ ਅਪ੍ਰੈਲ ਤੋਂ ਸੂਬੇ ਭਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਖਿਲਾਫ ਆਮ ਆਦਮੀ ਪਾਰਟੀ ਮੁਫ਼ਤ ਬਿਜਲੀ ਦੇਣ ਬਾਬਤ ਜਨ ਅੰਦੋਲਨ ਸ਼ੁਰੂ ਕਰੇਗੀ। ਹਾਲਾਂਕਿ ਰਾਘਵ ਚੱਢਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਿਆ ਵੀ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨੀਅਤ ਸਾਫ਼ ਹੁੰਦੀ ਤਾਂ ਉਹ ਨਿੱਜੀ ਬੱਸਾਂ ਵਿੱਚ ਵੀ ਮਹਿਲਾਵਾਂ ਲੜਕੀਆਂ ਲਈ ਸਫ਼ਰ ਮੁਫ਼ਤ ਕਰ ਸਕਦੇ ਸਨ ਲੇਕਿਨ ਉਹ ਟਰਾਂਸਪੋਰਟ ਮਾਫੀਆ ਮੂਹਰੇ ਗੋਡੇ ਟੇਕ ਚੁੱਕੇ ਹਨ। ਜੇਕਰ ਇਹ ਸਫਰ ਪੂਰਾ ਮੁਫ਼ਤ ਨਹੀਂ ਕਰ ਸਕਦੇ ਤਾਂ ਇਸ ਦਾ ਜਵਾਬ 2022 ਵਿੱਚ ਪੰਜਾਬ ਦੀ ਜਨਤਾ ਕਾਂਗਰਸ ਨੂੰ ਜ਼ਰੂਰ ਦੇਵੇਗੀ।