ਚੰਡੀਗੜ੍ਹ:ਹਰ ਸਾਲ ਰੱਖੜ ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਵਿਖੇ ਵੱਡਾ ਸਮਾਗਮ ਕਰਵਾਇਆ ਜਾਂਦਾ ਹੈ। ਜਿਸ ਦੇ ਚੱਲਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਲੋਕਾਂ ਨੂੰ ਰੱਖੜ ਪੁੰਨਿਆ ਦੀ ਵਧਾਈ ਦਿੱਤੀ ਹੈ। ਜਿਸ 'ਚ ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ 'ਤੇ ਟਵੀਟ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਅੱਜ ਦੇ ਦਿਨ ਸਿਆਸੀ ਧਿਰਾਂ ਵਲੋਂ ਬਾਬਾ ਬਕਾਲਾ ਵਿਖੇ ਸਿਆਸੀ ਕਾਨਫਰੰਸਾਂ ਵੀ ਕੀਤੀਆਂ ਜਾਣਗੀਆਂ।
ਮੁੱਖ ਮੰਤਰੀ ਨੇ ਟਵੀਟ ਕਰ ਦਿੱਤੀ ਵਧਾਈ:ਆਪਣੇ ਟਵੀਟ 'ਚ ਮੁੱਖ ਮੰਤਰੀ ਭਗਵੰਤ ਮਾਨ ਲਿਖਦੇ ਹਨ ਕਿ ਬਾਬਾ ਬਕਾਲਾ ਦੀ ਪਵਿੱਤਰ ਧਰਤੀ ਜਿਸ ਨੇ ਸਿੱਖ ਕੌਮ ਨੂੰ ਨੌਂਵੇਂ ਗੁਰੂ ਸਹਿਬਾਨ ਧੰਨ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਵਾਏ…ਅੱਜ ਰੱਖੜ ਪੁੰਨਿਆ ਦੇ ਮੌਕੇ ਜੋੜ ਮੇਲਾ ਬਾਬਾ ਬਕਾਲਾ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ…ਦੂਰੋਂ ਨੇੜਿਓਂ ਬਾਬਾ ਬਕਾਲਾ ਪਹੁੰਚੀਆਂ ਸਮੂਹ ਸੰਗਤਾਂ ਦੇ ਨਾਲ ਗੁਰੂ ਚਰਨਾਂ ‘ਚ ਪ੍ਰਣਾਮ।
ਬੀਤੇ ਦਿਨ ਮੁੱਖ ਮੰਤਰੀ ਹੋਏ ਸੀ ਨਤਮਸਤਕ: ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਮੁੰਬਈ 'ਚ ਸਿਆਸੀ ਗਤੀਵਿਧੀ ਹੋਣ ਕਾਰਨ ਉਹ ਬੀਤੇ ਦਿਨ ਹੀ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਨਤਮਸਤਕ ਹੋ ਗਏ ਸੀ। ਜਿਸ ਦੌਰਾਨ ਉਹ ਆਪਣੇ ਹੈਲੀਕਾਪਟਰ ਰਾਹੀਂ ਰਈਆ ਦੀ ਅਨਾਜ ਮੰਡੀ ਵਿੱਚ ਉਤਰੇ ਜਿਥੋਂ ਉਹ ਬਾਬਾ ਬਕਾਲਾ ਸਾਹਿਬ ਲਈ ਰਵਾਨਾ ਹੋਏ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਉਹ ਰੱਖੜ-ਪੁੰਨਿਆ ਮੌਕੇ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਲਈ ਆਏ ਹਨ, ਕਿਉਂਕਿ ਸਿਆਸੀ ਗਤੀਵਿਧੀ ਤਹਿਤ ਸੂਬੇ ਤੋਂ ਬਾਹਰ ਜਾਣਾ ਹੈ, ਜਿਸ ਦੇ ਚੱਲਦੇ ਉਹ ਪਹਿਲਾਂ ਹੀ ਨਤਮਸਤਕ ਹੋਣ ਪਹੁੰਚ ਗਏ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਹਰ ਸਾਲ ਇਥੇ ਨਤਮਸਤਕ ਹੋਣ ਆਉਂਦੇ ਹਨ ਅਤੇ ਜਦੋਂ ਉਹ ਮੁੱਖ ਮੰਤਰੀ ਵੀ ਨਹੀਂ ਸੀ, ਉਦੋਂ ਵੀ ਬਾਬਾ ਬਕਾਲਾ ਸਾਹਿਬ ਨਤਮਸਤਕ ਹੁੰਦੇ ਸੀ।
ਬਾਬਾ ਬਕਾਲਾ ਦੀਆਂ ਮੰਗਾਂ ਪੂਰੀਆਂ ਕਰਨ ਦਾ ਦਿੱਤਾ ਸੀ ਭਰੋਸਾ: ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਰੱਖੜੀ ਸਿਰਫ਼ ਧਾਗੇ ਦੀ ਸਾਂਝ ਨਹੀਂ ਹੈ, ਇਹ ਰਿਸ਼ਤਿਆਂ ਦੀ ਸਾਂਝ ਹੈ। ਉਨ੍ਹਾਂ ਬਾਬਾ ਬਕਾਲਾ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਵੀ ਦਿੱਤਾ। ਬਾਬਾ ਬਕਾਲਾ ਸਬ ਡਿਵੀਜ਼ਨ ਵਿੱਚ ਵਾਪਰ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਬਾਰੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਨੂੰ ਹਦਾਇਤ ਕੀਤੀ ਹੈ ਕਿ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰੇ।