ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਸਵਰਗੀ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਪੁੱਤਰ ਤੇ ਭਤੀਜੇ ਨਾਲ ਗੱਲਬਾਤ ਕੀਤੀ ਅਤੇ ਭਾਈ ਸਾਹਿਬ ਦੇ ਦੇਹਾਂਤ ਉਤੇ ਦੁੱਖ ਪ੍ਰਗਟਾਇਆ। ਉਨ੍ਹਾਂ ਭਰੋਸਾ ਦਿੱਤਾ ਕਿ ਪਰਿਵਾਰ ਦੇ ਜਿਹੜੇ ਮੈਂਬਰ ਕੋਵਿਡ-19 ਤੋਂ ਪੀੜਤ ਹਨ, ਉਨ੍ਹਾਂ ਦੇ ਇਲਾਜ ਵਿੱਚ ਸਰਕਾਰ ਵੱਲੋਂ ਪੂਰੀ ਸਹਾਇਤਾ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਭਾਈ ਨਿਰਮਲ ਸਿੰਘ ਦੇ ਪੁੱਤਰ ਅਮਿਤੇਸ਼ਵਰ ਸਿੰਘ ਤੇ ਭਤੀਜੇ ਜਗਪ੍ਰੀਤ ਸਿੰਘ ਨੂੰ ਭਰੋਸਾ ਦਿਵਾਇਆ ਕਿ ਇਨ੍ਹਾਂ ਸਾਰੇ ਮਰੀਜ਼ਾਂ ਦਾ ਕੋਵਿਡ-19 ਤੋਂ ਬਚਾਅ ਲਈ ਇਲਾਜ ਚੱਲ ਰਿਹਾ ਹੈ ਅਤੇ ਸਰਕਾਰ ਦੇ ਮੈਡੀਕਲ ਪ੍ਰੋਟੋਕੋਲ ਮੁਤਾਬਕ ਇਨ੍ਹਾਂ ਸਾਰੇ ਮਰੀਜ਼ਾਂ ਦੀ ਪੂਰੀ ਦੇਖਭਾਲ ਹੋਵੇਗੀ। ਉਨ੍ਹਾਂ ਨੇ ਸਿਹਤ ਅਮਲੇ ਨੂੰ ਕਿਹਾ ਹੈ ਕਿ ਜੇ ਕਿਸੇ ਹੋਰ ਸਹਾਇਤਾ ਦੀ ਲੋੜ ਹੈ ਤਾਂ ਉਹ ਤੁਰੰਤ ਉਨ੍ਹਾਂ (ਮੁੱਖ ਮੰਤਰੀ) ਨਾਲ ਸੰਪਰਕ ਕਰਨ।
ਕੈਪਟਨ ਅਮਰਿੰਦਰ ਸਿੰਘ ਨੇ ਪਰਿਵਾਰ ਦੇ ਮੈਂਬਰਾਂ, ਜਿਨ੍ਹਾਂ ਦੀ ਕੋਵਿਡ-19 ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਜਿਨ੍ਹਾਂ ਦਾ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ, ਦੀ ਸਿਹਤ ਦਾ ਹਾਲ-ਚਾਲ ਵੀ ਪੁੱਛਿਆ।