ਚੰਡੀਗੜ੍ਹ:ਐੱਸਵਾਈਐੱਲ ਦੇ ਮੁੱਦੇ ਉੱਤੇ ਸੁਪਰੀਮ ਕੋਰਟ ਦੀ ਝਾੜ ਤੇ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਸਿਆਸਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੁੱਦੇ ਉੱਤੇ ਆਪਣਾ ਪਹਿਲਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਮਾਨ ਨੇ ਟਵੀਟ ਕਰਦੇ ਹੋਏ ਇਸ ਮੁੱਦੇ ਉੱਤੇ ਬਹਿਸ ਕਰਨ ਲਈ ਆਪਣੇ ਵਿਰੋਧੀਆਂ ਨੂੰ ਖੁੱਲ੍ਹਾ ਚੈਲੰਜ਼ ਦਿੱਤਾ ਹੈ। (CM Mann Reaction on SYL)
ਭਾਜਪਾ ਪ੍ਰਧਾਨ ਜਾਖੜ ਜੀ, ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਬਾਜਵਾ ਜੀ ਨੂੰ ਮੇਰਾ ਖੁੱਲਾ ਸੱਦਾ ਹੈ ਕਿ ਰੋਜ਼-ਰੋਜ਼ ਦੀ ਕਿੱਚ ਕਿੱਚ ਨਾਲੋਂ ਆਜੋ ਆਪਾਂ ਪੰਜਾਬੀਆਂ ਅਤੇ ਮੀਡੀਆ ਸਾਹਮਣੇ ਬੈਠ ਕੇ ਪੰਜਾਬ ਨੂੰ ਹੁਣ ਤੱਕ ਕੀਹਨੇ ਕਿਵੇਂ ਲੁੱਟਿਆ, ਭਾਈ-ਭਤੀਜੇ ਸਾਲੇ-ਜੀਜੇ, ਮਿੱਤਰ ਮੁਲਾਹਜ਼ੇ, ਟੋਲ ਪਲਾਜੇ,ਜਵਾਨੀ ਕਿਸਾਨੀ,ਵਪਾਰ-ਦੁਕਨਦਾਰ, ਗੁਰੂਆਂ ਦੀ ਬਾਣੀ,ਨਹਿਰਾਂ ਦਾ ਪਾਣੀ..ਸਾਰੇ ਮੁੱਦਿਆਂ ਤੇ ਲਾਈਵ ਬਹਿਸ ਕਰੀਏ..ਤੁਸੀਂ ਆਪਣੇ ਨਾਲ ਕਾਗਜ਼ ਵੀ ਲਿਆ ਸਕਦੇ ਹੋ ਪਰ ਮੈਂ ਮੂੰਹ ਜ਼ੁਬਾਨੀ ਬੋਲਾਂਗਾ..1 ਨਵੰਬਰ ‘ਪੰਜਾਬ ਦਿਵਸ” ਵਾਲਾ ਦਿਨ ਠੀਕ ਰਹੇਗਾ..ਤੁਹਾਨੂੰ ਤਿਆਰੀ ਲਈ ਟਾਈਮ ਵੀ ਮਿਲ ਜਾਵੇਗਾ.. ਮੇਰੀ ਤਾਂ ਪੂਰੀ ਤਿਆਰੀ ਐ ਕਿਉਂਕਿ ਸੱਚ ਬੋਲਣ ਵਾਸਤੇ ਰੱਟੇ ਨਹੀਂ ਲਾਉਣੇ ਪੈਂਦੇ..।- ਭਗਵੰਤ ਮਾਨ, ਮੁੱਖ ਮੰਤਰੀ ਪੰਜਾਬ
ਸੁਪਰੀਮ ਕੋਰਟ ਦੀ ਤਲਖ਼ੀ ਤੋਂ ਬਾਅਦ ਵਿਰੋਧੀਆਂ ਨੇ ਘੇਰੀ ਮਾਨ ਸਰਕਾਰ: ਦੱਸ ਦਈਏ ਕਿ ਸੁਪਰੀਮ ਕੋਰਟ ਦੀ ਸਖ਼ਤ ਝਾੜ ਤੋਂ ਬਾਅਦ ਵਿਰੋਧਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਉੱਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਤੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਵਿਰੋਧੀਆਂ ਵਲੋਂ ਸਰਕਾਰ 'ਤੇ ਇਲਜ਼ਾਮ ਵੀ ਲਗਾਏ ਜਾ ਰਹੇ ਹਨ ਕਿ ਸਰਕਾਰ ਵਲੋਂ ਸੁਪਰੀਮ ਕੋਰਟ 'ਚ ਐਸਵਾਈਐਲ ਬਣਾਉਣ ਦੀ ਗੱਲ ਕੀਤੀ ਗਈ ਹੈ।
ਭਾਜਪਾ ਨੇ ਕੀਤਾ ਪ੍ਰਦਰਸ਼ਨ: ਦੱਸ ਦਈਏ ਕਿ ਬੀਤੇ ਦਿਨ ਐਸਵਾਈਐਲ ਦੇ ਮੁੱਦੇ ਉੱਤੇ ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਹਨਾਂ ਨੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਨੂੰ ਘੇਰਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਭਾਜਪਾ ਦਾ ਸਟੈਂਡ ਸਪੱਸ਼ਟ ਹੈ ਕਿ ਉਹ ਇੱਕ ਬੂੰਦ ਵੀ ਪਾਣੀ ਕਿਸੇ ਨੂੰ ਨਹੀਂ ਦੇਣਗੇ। ਇਸ ਦੌਰਾਨ ਪੁਲਿਸ ਵਲੋਂ ਮੁੱਖ ਮੰਤਰੀ ਰਿਹਾਇਸ਼ ਘੇਰਨ ਜਾ ਰਹੇ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਸੀ।
ਰਾਜਪਾਲ ਨੂੰ ਮਿਲਿਆ ਅਕਾਲੀ ਦਲ ਦਾ ਵਫਦ: ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਤੇ ਐਸਵਾਈਐਲ ਦੇ ਮਸਲੇ ਸਮੇਤ ਕਈ ਮੰਗਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ। ਇਸ ਦੌਰਾਨ ਅਕਾਲੀ ਦਲ ਲਗਾਤਾਰ ਸਰਕਾਰ 'ਤੇ ਇਲਜ਼ਾਮ ਲਾ ਰਿਹਾ ਕਿ ਪੰਜਾਬ ਦੀ ਮਾਨ ਸਰਕਾਰ ਐਸਵਾਈਐਲ ਦਾ ਪਾਣੀ ਦੇਣ ਨੂੰ ਤਿਆਰ ਬੈਠੀ ਹੈ, ਜਦਕਿ ਅਕਾਲੀ ਦਲ ਇਸ ਦੇ ਖਿਲਾਫ਼ ਹੈ ਅਤੇ ਇੱਕ ਬੂੰਦ ਵੀ ਹਰਿਆਣੇ ਨੂੰ ਨਹੀਂ ਦੇਣ ਦਿੱਤੀ ਜਾਵੇਗੀ।
ਹਰਿਆਣਾ 'ਆਪ' ਵਲੋਂ ਐਸਵਾਈਐਲ ਦੀ ਮੰਗ: ਇਸ ਦੇ ਨਾਲ ਹੀ ਪਿਛਲੇ ਦਿਨੀਂ ਹਰਿਆਣਾ 'ਆਪ' ਦੇ ਲੀਡਰਾਂ ਵਲੋਂ ਚੰਡੀਗੜ੍ਹ 'ਚ ਐਸਵਾਈਐਲ ਨੂੰ ਲੈਕੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ। ਜਿਸ 'ਚ ਉਨ੍ਹਾਂ ਵੀ ਦਾਅਵਾ ਕੀਤਾ ਸੀ ਕਿ ਐਸਵਾਈਐਲ ਹਰ ਹਾਲ ਬਣੇਗੀ ਤੇ ਉਹ ਪਾਣੀ ਲੈਕੇ ਰਹਿਣਗੇ। ਜਿਸ 'ਚ ਵਿਰੋਧੀਆਂ ਨੇ ਇਹ ਇਲਜ਼ਾਮ ਲਾਏ ਸੀ ਕਿ ਆਪ ਸਰਕਾਰ ਐਸਵਾਈਐਲ 'ਤੇ ਦੋਹਰੀ ਰਾਜਨੀਤੀ ਕਰ ਰਹੀ ਹੈ, ਜਿਸ 'ਚ ਪੰਜਾਬ ਦੀ ਲੀਡਰਸ਼ਿਪ ਤਾਂ ਪਾਣੀ ਨਾ ਦੇਣ ਦੇ ਦਾਅਵੇ ਕਰ ਰਹੀ ਹੈ, ਜਦਕਿ ਇਨ੍ਹਾਂ ਦੀ ਹਰਿਆਣਾ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੰਜਾਬ ਦੇ ਮੰਤਰੀ ਦੀ ਕੋਠੀ 'ਚ ਬੈਠ ਕੇ ਇਸ ਮੁੱਦੇ 'ਤੇ ਪ੍ਰੈਸ ਕਾਨਫਰੰਸ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਵੀ ਮੁੱਦੇ 'ਤੇ ਦਿੱਤਾ ਅਸਿੱਧਾ ਬਿਆਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਸਵਾਈਐਲ ਦੇ ਮੁੱਦੇ ਉੱਤੇ ਅਸਿੱਧੇ ਤੌਰ ਉੱਤੇ ਬਿਆਨ ਦਿੰਦੇ ਕਿਹਾ ਸੀ ਕਿ ਗੁਆਂਢੀ ਰਾਜਾਂ ਨੂੰ ਦਰਿਆਈ ਪਾਣੀ ਮੁਹੱਈਆ ਕਰਵਾਉਣਾ ਹੁਣ ਗੰਭੀਰ ਮੁੱਦਾ ਬਣ ਗਿਆ ਹੈ। ਭਾਰਤ ਵਿੱਚ ਪੀਣ ਵਾਲੇ ਪਾਣੀ ਨੂੰ ਗੁਣਕਾਰੀ ਮੰਨਿਆ ਜਾਂਦਾ ਹੈ। ਇੱਥੇ ਜੇਕਰ ਕਿਸੇ ਨੂੰ ਪੀਣ ਲਈ ਪਾਣੀ ਵੀ ਦਿੱਤਾ ਜਾਂਦਾ ਹੈ ਤਾਂ ਉਹ ਵਿਅਕਤੀ ਉਸ ਨੂੰ ਲੰਬੇ ਸਮੇਂ ਤੱਕ ਯਾਦ ਰੱਖਦਾ ਹੈ। ਐਸ.ਵਾਈ.ਐਲ 'ਤੇ ਅਸਿੱਧੇ ਤੌਰ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਕੁਝ ਸੂਬੇ ਅਜਿਹੇ ਹਨ ਜੋ ਇਕ ਦੂਜੇ ਨੂੰ ਪਾਣੀ ਦੀ ਇਕ ਬੂੰਦ ਵੀ ਦੇਣ ਲਈ ਤਿਆਰ ਨਹੀਂ ਹਨ। ਪੀਐਮ ਮੋਦੀ ਨੇ ਕਿਹਾ ਕਿ ਜਦੋਂ ਮੈਂ ਗੁਜਰਾਤ ਦਾ ਸੀਐਮ ਸੀ ਤਾਂ ਮੈਂ ਰਾਜਸਥਾਨ ਨੂੰ ਪਾਣੀ ਦਿੱਤਾ, 24 ਘੰਟਿਆਂ ਦੇ ਅੰਦਰ ਮੈਂ ਰਾਜਸਥਾਨ ਨੂੰ ਨਰਮਦਾ ਦਾ ਪਾਣੀ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਕਿਸਾਨਾਂ ਨੂੰ ਪਾਣੀ ਮੁਹੱਈਆ ਕਰਵਾ ਰਹੇ ਹਾਂ। ਉਨ੍ਹਾਂ ਕਿਹਾ ਕਿ ਪਾਣੀਆਂ ਦੀ ਵੰਡ ਦੇ ਮੁੱਦੇ ’ਤੇ ਸੂਬੇ ਇੱਕ ਦੂਜੇ ਨਾਲ ਗੱਲ ਕਰਨ ਦੀ ਬਜਾਏ ਇੱਕ ਦੂਜੇ ਨੂੰ ਮਾਰਨ ’ਤੇ ਤੁਰੇ ਹੋਏ ਹਨ।