ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਲਮ ਛੋੜ ਹੜਤਾਲ ਹੜਤਾਲ 'ਤੇ ਜਾ ਰਹੇ ਮਾਲ ਮਹਿਕਮੇ ਦੇ ਮੁਲਾਜ਼ਮਾਂ ਨੂੰ ਸਿੱਧੀ ਚਿਤਾਵਨੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਤੁਸੀਂ ਕਲਮ ਛੋੜ ਹੜਤਾਲ ਬੇਸ਼ੱਕ ਕਰ ਲਵੋ ਪਰ ਬਾਅਦ 'ਚ ਕਲਮ ਤੁਹਾਡੇ ਹੱਥਾਂ 'ਚ ਦੇਣੀ ਹੈ ਜਾਂ ਨਹੀਂ ਇਹ ਫੈਸਲਾ ਸਰਕਾਰ ਕਰੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੇ ਕੋਲ ਬਹੁਤ ਪੜ੍ਹੇ ਲਿਖੇ ਬੇਰੁਜ਼ਗਾਰ ਮੌਜੂਦ ਹਨ ਜੋ ਤੁਹਾਡੇ ਵਾਲੀਆਂ ਕਲਮਾਂ ਫੜ੍ਹਣ ਨੂੰ ਤਿਆਰ ਬੈਠੇ ਹਨ।
ਮੁੱਖ ਮੰਤਰੀ ਮਾਨ ਨੇ ਕੀਤਾ ਟਵੀਟ: ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਟਵੀਟ ਕਰਦਿਆਂ ਲਿਖਿਆ ਕਿ ਜਾਣਕਾਰੀ ਮੁਤਾਬਕ ਪਟਵਾਰੀ..ਕਾਨੂੰਨਗੋ..ਕਿਸੇ ਰਿਸ਼ਵਤ ਮਾਮਲੇ ਚ ਫਸੇ ਅਪਣੇ ਇੱਕ ਸਾਥੀ ਦੇ ਹੱਕ ਚ..ਅਤੇ ਡੀਸੀ ਦਫ਼ਤਰ ਕਰਮਚਾਰੀ ਆਪਣੀਆਂ ਨਿੱਜੀ ਮੰਗਾਂ ਨੂੰ ਲੈ ਕੇ ਆਉਂਦੇ ਦਿਨਾਂ ਚ ਕਲਮ ਛੋੜ੍ਹ ਹੜਤਾਲ ਕਰਨਗੇ..ਮੈਂ ਦੱਸਣਾ ਚਾਹੁੰਦਾ ਹਾਂ ਕਿ ਕਲਮ ਛੋੜ੍ਹ ਹੜਤਾਲ ਕਰੋ ਪਰ ਬਾਅਦ ਵਿੱਚ ਕਲਮ ਥੋਡੇ ਹੱਥਾਂ ਚ ਦੇਣੀ ਹੈ ਜਾਂ ਨਹੀਂ ਇਹ ਫੈਸਲਾ ਸਰਕਾਰ ਕਰੇਗੀ..ਸਾਡੇ ਕੋਲ ਬਹੁਤ ਪੜ੍ਹੇ ਲਿਖੇ ਬੇਰੁਜ਼ਗਾਰ ਮੌਜੂਦ ਨੇ ਜੋ ਤੁਹਾਡੇ ਵਾਲੀਆਂ ਕਲਮਾਂ ਫੜ੍ਹਣ ਨੂੰ ਤਿਆਰ ਬੈਠੇ ਨੇ..ਪੰਜਾਬ ਦੇ ਲੋਕਾਂ ਦੀ ਖੱਜਲ ਖੁਆਰੀ ਨਹੀ ਹੋਣ ਦਿੱਤੀ ਜਾਵੇਗੀ ।
ਮੁਲਾਜ਼ਮ ਯੂਨੀਅਨਾਂ ਦੇ ਆਗੂਆਂ ਦਾ ਐਲਾਨ:ਦੱਸ ਦਈਏ ਕਿ ਪੰਜਾਬ ਵਿੱਚ ਡੀਸੀ ਦਫ਼ਤਰਾਂ ਤੋਂ ਲੈ ਕੇ ਤਹਿਸੀਲਾਂ ਤੱਕ ਕੰਮ ਇੱਕ ਵਾਰ ਫਿਰ ਤੋਂ ਠੱਪ ਹੋਣ ਵਾਲਾ ਹੈ। ਮਨਿਸਟੀਰੀਅਲ ਸਟਾਫ਼ ਯੂਨੀਅਨ ਨੇ ਮੁੜ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਮੁਲਾਜ਼ਮ ਯੂਨੀਅਨਾਂ ਦੇ ਆਗੂਆਂ ਨੇ ਫੈਸਲਾ ਕੀਤਾ ਹੈ ਕਿ ਡੀਸੀ ਮੁਲਾਜ਼ਮ ਯੂਨੀਅਨ ਵੱਲੋਂ 11 ਤੋਂ 13 ਸਤੰਬਰ ਤੱਕ ਪੰਜਾਬ ਭਰ ਵਿੱਚ ਕਲਮ ਛੋੜ ਹੜਤਾਲ ਕੀਤੀ ਜਾਵੇਗੀ।
ਕਲਮਛੋੜ ਹੜਤਾਲ ਕਰਨ ਦਾ ਐਲਾਨ: ਜਿਸ ਨੂੰ ਲੈਕੇ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ। ਸਰਕਾਰ ਵਾਰ-ਵਾਰ ਆਪਣੇ ਵਾਅਦਿਆਂ ਤੋਂ ਪਲਟ ਰਹੀ ਹੈ, ਜਿਸ ਕਾਰਨ ਹੜਤਾਲ ਕੀਤੀ ਜਾਵੇਗੀ। ਇਸ ਤਹਿਤ ਡਿਪਟੀ ਕਮਿਸ਼ਨਰ ਦਫਤਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਵੱਲੋਂ 11 ਤੋਂ 13 ਸਤੰਬਰ ਤੱਕ ਕਲਮਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ।
ਪਹਿਲਾਂ ਵੀ ਜਾ ਚੁੱਕੇ ਧਰਨੇ 'ਤੇ ਮੁਲਾਜ਼ਮ ਤੇ ਅਧਿਕਾਰੀ: ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ ਤਹਿਸੀਲਦਾਰ ਦਫ਼ਤਰ ਦੇ ਮੁਲਾਜ਼ਮਾਂ ਵਲੋਂ ਆਪ ਸਰਕਾਰ ਦੇ ਰੋਪੜ ਤੋਂਭ ਵਿਧਾਇਕ ਦਿਨੇਸ਼ ਚੱਢਾ ਖਿਲਾਫ਼ ਵੀ ਮੋਰਚਾ ਖੋਲ੍ਹਿਆ ਗਿਆ ਸੀ। ਜਿਸ 'ਚ ਵਿਧਾਇਕ ਦੇ ਮੁਆਫ਼ੀ ਮੰਗਣ ਤੋਂ ਬਾਅਦ ਮੁਲਾਜ਼ਮਾਂ ਨੇ ਆਪਣਾ ਧਰਨਾ ਖਤਮ ਕੀਤਾ ਸੀ। ਜਦਕਿ ਇਸ ਤੋਂ ਪਹਿਲਾਂ ਸੂਬੇ ਦੇ ਕਈ ਅਧਿਕਾਰੀਆਂ ਵਲੋਂ ਵੀ ਸਰਕਾਰ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਸੀ, ਜਿਸ 'ਚ ਮੁੱਖ ਮੰਤਰੀ ਵਲੋਂ ਦਿੱਤੀ ਚਿਤਾਵਨੀ ਤੋਂ ਬਾਅਦ ਉਨ੍ਹਾਂ ਆਪਣਾ ਧਰਨਾ ਖਤਮ ਕੀਤਾ ਸੀ।