ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਲਗਾਤਾਰ ਇਹ ਦਾਅਵੇ ਕਰ ਰਹੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਨਾ ਰਹਿ ਕੇ ਬਾਦਲ ਪਰਿਵਾਰ ਦੇ ਹੱਥਾਂ ਵਿੱਚ ਜਾ ਚੁੱਕੀ ਹੈ। ਇਸ ਨੂੰ ਲੈਕੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਦੇ ਮੁੱਖ ਮੰਤਰੀ ਆਹਮੋ-ਸਾਹਮਣੇ ਵੀ ਹੋ ਚੁੱਕੇ ਨੇ,ਪਰ ਹੁਣ ਸੁਖਬੀਰ ਬਾਦਲ ਦੇ ਇੱਕ ਬਿਆਨ ਨੇ ਮੁੜ ਤੋਂ ਇਸ ਮਸਲੇ ਨੂੰ ਭਖਾ ਦਿੱਤਾ ਹੈ।
ਕੀ ਹੈ ਮਸਲਾ:ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ 'ਤੇ ਗਏ ਸੁਖਬੀਰ ਬਾਦਲ ਨੇ ਇੱਕ ਇੰਟਰਵਿਊ 'ਚ ਸ੍ਰੀ ਹਰਿਮੰਦਰ ਸਾਹਿਬ ਦਾ ਖਾਤਾ ਨੰਬਰ ਜਾਰੀ ਕੀਤਾ ਅਤੇ ਲੋਕਾਂ ਨੂੰ ਪੈਸੇ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ। ਜਿਸ ਤੋਂ ਬਾਅਦ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਦੇ ਇਸ ਕਦਮ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਟਵੀਟ ਰਾਹੀਂ ਲਿਖਿਆ ਕਿ ਕਿਸ ਹੈਸੀਅਤ ਨਾਲ ਸੁਖਬੀਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਦਾ ਖਾਤਾ ਨੰਬਰ ਜਾਰੀ ਕਰ ਰਹੇ ਹਨ। ਉਨ੍ਹਾਂ ਇਹ ਲਿਖਿਆ ਕਿ ਲੋਕ ਸਭ ਕੁੱਝ ਸਮਝ ਰਹੇ ਨੇ।
‘ਸੁਖਬੀਰ ਬਾਦਲ ਵੱਲੋਂ ਦਰਬਾਰ ਸਾਹਿਬ ਦੇ ਅਕਾਊਂਟ ਨੰਬਰ ਸਬੰਧੀ ਜਦੋਂ ਬੋਲਿਆ ਗਿਆ ਤਾਂ ਸੀਐੱਮ ਮਾਨ ਨੇ ਉਸ ਬਿਆਨ ਦੀ ਇੱਕ ਵੀਡੀਓ ਕਲਿੱਪ ਸਾਂਝੀ ਕਰਕੇ ਟਵੀਟ ਕਰਦਿਆਂ ਲਿਖਿਆ ਕਿ,' ਇਹ ਦਰਬਾਰ ਸਾਹਿਬ ਦਾ account number ਜੋ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਓਹਦੀ ਅਗਾਉਂ ਜਾਣਕਾਰੀ ਸੁਖਬੀਰ ਬਾਦਲ ਕਿਸ ਹੈਸੀਅਤ ਚ ਦੇ ਰਹੇ ਨੇ ??? ..ਹੁਣ ਸੰਗਤ ਫੈਸਲਾ ਕਰੇਗੀ..।’ - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ: ਦੱਸ ਦਈਏ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਦਖਲਅੰਦਾਜ਼ੀ ਨੂੰ ਲੈ ਕੇ ਕਈ ਵਾਰ ਸਵਾਲ ਉਠਾਉਂਦੇ ਰਹੇ ਹਨ। ਪੀ.ਟੀ.ਸੀ ਚੈਨਲ ਉੱਤੇ ਗੁਰਬਾਣੀ ਪ੍ਰਸਾਰਣ ਅੰਕ ਵੀ ਇਸੇ ਦਾ ਇੱਕ ਹਿੱਸਾ ਹੈ। ਦੂਜੇ ਪਾਸੇ ਜਦੋਂ ਪੰਜਾਬ ਸਰਕਾਰ ਸਿੱਖ ਗੁਰਦੁਆਰਾ ਐਕਟ 1925 ਵਿੱਚ ਸੋਧ ਕਰਨ ਜਾ ਰਹੀ ਹੈ ਤਾਂ ਉਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਸੁਖਬੀਰ ਬਾਦਲ ਨਾਲ ਅਕਾਲੀ ਦਲ ਦੇ ਦਫ਼ਤਰ ਵਿੱਚ ਹੋਈ ਮੀਟਿੰਗ ’ਤੇ ਸਵਾਲ ਉਠਾਏ ਗਏ ਸਨ। ਸੁਖਬੀਰ ਬਾਦਲ ਦੀ ਇਸ ਨਵੀਂ ਵੀਡੀਓ ਨੇ ਇੱਕ ਨਵੇਂ ਵਿਵਾਦ ਨੂੰ ਜਨਮ ਦਿੱਤਾ ਹੈ।