ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨਾਲ ਸਾਂਝੀ ਪ੍ਰੈਸ ਵਾਰਤਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਰੋਜ਼ਗਾਰ ਮਿਲਣ ਦੀ ਗੱਲ ਆਖੀ। ਸੀਐਮ ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਹੁਣ ਰੁਜ਼ਗਾਰ ਲਈ ਬਾਹਰ ਜਾਣ ਦੀ ਲੋੜ ਨਹੀਂ। ਇਸ ਤੋਂ ਇਲਾਵਾ ਉਨ੍ਹਾਂ ਨੇ ਭਾਜਪਾ ਆਗੂ ਸੁਨੀਲ ਜਾਖੜ ਉੱਤੇ ਵੀ ਨਿਸ਼ਾਨਾ ਸਾਧਿਆ।
ਜੋ ਜ਼ਹਿਰ ਭੇਜਦਾ, ਉਸ ਨਾਲ ਵਪਾਰ ਨਹੀਂ :ਦਰਅਸਲ, ਇਨਵੈਸਟਮੈਂਟ ਪੰਜਾਬ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰ ਦੇ ਆਖੀਰਲੇ ਇਕ ਸਵਾਲ ਦਾ ਜਵਾਬ ਦਿੰਦਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ "ਅਸੀਂ ਪਾਕਿਸਤਾਨ ਨਾਲ ਵਪਾਰ ਨਹੀਂ ਕਰ ਸਕਦੇ, ਜੋ ਦੇਸ਼ ਜ਼ਹਿਰ ਭੇਜਦਾ ਹੋਵੇ, ਅਸੀਂ ਉਸ ਨਾਲ ਵਪਾਰ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਉਹ ਸਾਨੂੰ ਪਿਸਤੌਰ ਤੇ ਨਸ਼ਾ ਭੇਜਦੇ ਹਨ, ਅਸੀਂ ਉਨ੍ਹਾਂ ਨਾਲ ਵਪਾਰ ਕਰਕੇ ਕੀ ਕਰਾਂਗੇ। ਸਾਡੇ ਲਈ ਹੋਰ ਦੇਸ਼ਾਂ ਦੇ ਦਰਵਾਜ਼ੇ ਖੁੱਲ੍ਹੇ ਹਨ।"
ਸੁਨੀਲ ਜਾਖੜ 'ਤੇ ਤੰਜ, ਕਿਹਾ- 'ਤੁਸੀਂ ਕਿੰਨੂੰ ਪਾਕਿਸਤਾਨ ਭੇਜ ਦਿਓ' : ਬੀਤੇ ਦਿਨ ਸੋਮਵਾਰ ਨੂੰ ਹੀ ਭਾਜਪਾ ਆਗੂ ਸੁਨੀਲ ਜਾਖੜ ਨੇ ਪਾਕਿਸਤਾਨ ਦੀ ਮਦਦ ਕਰਨ ਬਾਰੇ ਇਕ ਬਿਆਨ ਦਿੱਤਾ ਸੀ। ਉਸ ਨੂੰ ਲੈ ਕੇ ਸੀਐਮ ਮਾਨ ਨੇ ਕਿਹਾ ਕਿ, " ਜਾਖੜ ਸਾਹਬ ਤੁਸੀਂ ਅਬੋਹਰ ਦੇ ਕਿੰਨੂੰ ਪਾਕਿਸਤਾਨ ਭੇਜ ਕੇ ਦੇਖ ਲਓ, ਅਸੀਂ ਤਾਂ ਪਾਕਿਸਤਾਨ ਨਾਲ ਵਪਾਰ ਨਹੀਂ ਕਰ ਸਕਦੇ।"
ਬੀਤੇ ਦਿਨ ਸੁਨੀਲ ਜਾਖੜ ਨੇ ਪਾਕਿ ਦੀ ਮਦਦ ਕਰਨ ਨੂੰ ਲੈ ਕੇ ਕੀਤਾ ਟਵੀਟ : ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੁਨੀਲ ਜਾਖੜ ਨੇ ਪਾਕਿਸਤਾਨ ਦੇ ਹੱਕ ਵਿੱਚ ਟਵੀਟ ਕਰਦਿਆ ਵੱਡਾ ਬਿਆਨ ਦਿੱਤਾ। ਉਨ੍ਹਾਂ ਟਵੀਟ ਕਰਦਿਆ ਲਿਖਿਆ ਕਿ 'ਸਭ ਨੂੰ ਪਤਾ ਹੈ ਕਿ ਪਾਕਿਸਤਾਨ ਵਿੱਚ ਲੱਖਾਂ ਲੋਕਾਂ ਨੂੰ ਭੋਜਨ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ, ਅਸਲ ਵਿੱਚ ਦੀਵਾਲੀਆ ਹੋ ਚੁੱਕੇ ਪਾਕਿਸਤਾਨ ਦੀ ਮਦਦ ਕਰਨ ਦੀ ਸਖ਼ਤ ਲੋੜ ਹੈ। ਬੇਸ਼ਕ ਪਾਕਿਸਤਾਨ ਸਾਡਾ ਕੱਟਰ ਦੁਸ਼ਮਣ ਹੈ, ਪਰ ਉਸ ਦੀ ਦੁਸ਼ਮਣੀ ਇਕ ਪਾਸੇ ਰੱਖ ਕੇ ਭਾਰਤ ਨੂੰ ਸੰਕਟਗ੍ਰਸਤ ਗੁਆਂਢੀ ਦੇਸ਼ ਦਾ ਸਮਰਥਨ ਦੇਣਾ ਚਾਹੀਦਾ ਹੈ। ਉਨ੍ਹਾਂ ਲਿਖਿਆ ਕਿ ਆਓ ਸਦਭਾਵਨਾ ਦਿਖਾਈਏ ਅਤੇ ਉਸ ਗੁਆਂਢੀ ਦੇਸ਼ ਦਾ ਸਹਿਯੋਗ ਦਈਏ ਜਿਸ ਨੇ ਕਰਤਾਰਪੁਰ ਕਾਰੀਡੋਰ ਨੂੰ ਸੰਭਵ ਬਣਾਇਆ।'
ਇਹ ਵੀ ਪੜ੍ਹੋ:Amit Shah interview: ਅਡਾਨੀ ਵਿਵਾਦ ਉੱਤੇ ਅਮਿਤ ਸ਼ਾਹ ਦਾ ਵੱਡਾ ਬਿਆਨ