ਪੰਜਾਬ

punjab

ETV Bharat / state

CM Mann News : ਪ੍ਰੋ. ਵਰਮਾ ਉੱਘੇ ਸਿੱਖਿਆ ਸ਼ਾਸਤਰੀ ਸਨ, ਅਧਿਆਪਨ ਖੇਤਰ 'ਚ ਲਾਮਿਸਾਲ ਸੇਵਾਵਾਂ ਨਿਭਾਈਆਂ: ਸੀਐਮ ਮਾਨ

ਮੁੱਖ ਮੰਤਰੀ ਭਗਵੰਤ ਮਾਨ ਸਣੇ ਉੱਘੀਆਂ ਸਖਸ਼ੀਅਤਾਂ ਵੱਲੋਂ ਅੱਜ ਪ੍ਰੋ ਬੀ.ਸੀ. ਵਰਮਾ ਨੂੰ ਸ਼ਰਧਾਂਜਲੀਆਂ ਭੇਂਟ ਕੀਤੀ ਗਈ। ਦੱਸ ਦਈਏ ਕਿ ਪ੍ਰੋ ਬੀ.ਸੀ. ਵਰਮਾ ਸੂਬੇ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਪਿਤਾ ਸਨ, ਜਿਨ੍ਹਾਂ ਦਾ ਪਿਛਲੀ ਦਿਨੀਂ ਦੇਹਾਂਤ ਹੋ ਗਿਆ ਸੀ।

CM Mann News
CM Mann News

By ETV Bharat Punjabi Team

Published : Oct 1, 2023, 9:51 PM IST

ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ ਉੱਘੀਆਂ ਸਖਸ਼ੀਅਤਾਂ ਨੇ ਅੱਜ, ਐਤਵਾਰ ਨੂੰ ਸੂਬੇ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਪਿਤਾ ਪ੍ਰੋਫੈਸਰ ਬੀ.ਸੀ. ਵਰਮਾ ਨਮਿੱਤ ਪ੍ਰਾਥਨਾ ਸਭਾ ਵਿੱਚ ਸ਼ਿਰਕਤ ਕਰਦਿਆਂ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕੀਤੀ। ਮਾਤਾ ਮਨਸਾ ਦੇਵੀ ਕੰਪਲੈਕਸ ਵਿਖੇ ਪ੍ਰਾਥਨਾ ਸਭਾ ਵਿੱਚ ਪ੍ਰੋ. ਵਰਮਾ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਕਾਦਮਿਕ ਖੇਤਰ ਨੂੰ ਉਨ੍ਹਾਂ ਦੀ ਦੇਣ ਕਦੇ ਨਹੀਂ ਭੁਲਾਈ ਜਾ ਸਕਦੀ। ਉਨ੍ਹਾਂ ਕਿਹਾ ਕਿ ਪਿੰਡ ਚਲੈਲਾ ਤੋਂ ਉੱਠ ਕੇ ਉਨ੍ਹਾਂ ਆਪਣੀ ਸਖਤ ਮਿਹਨਤ ਨਾਲ ਉੱਚ ਵਿਦਿਆ ਹਾਸਲ ਕਰਕੇ ਅਧਿਆਪਨ ਖੇਤਰ ਵਿੱਚ ਲਾਮਿਸਾਲ ਸੇਵਾਵਾਂ ਨਿਭਾਈਆਂ।

ਪ੍ਰੋ. ਵਰਮਾ ਉੱਘੇ ਸਿੱਖਿਆ ਸ਼ਾਸਤਰੀ ਸਨ: ਸੀਐਮ ਮਾਨ ਨੇ ਕਿਹਾ ਕਿ ਜਿਵੇਂ ਫੁੱਲਾਂ ਤੇ ਟਹਿਣੀਆਂ ਤੋਂ ਪਤਾ ਲੱਗਦਾ ਹੈ ਕਿ ਦਰਖੱਤ ਕਿੰਨਾ ਮਜ਼ਬੂਤ ਹੈ, ਉਵੇਂ ਇਕ ਸੁਹਿਰਦ ਤੇ ਸਮਰਪਿਤ ਅਧਿਆਪਕ ਦੇ ਕਾਮਯਾਬ ਵਿਦਿਆਰਥੀ ਅਤੇ ਉਨ੍ਹਾਂ ਦੀ ਔਲਾਦ ਦੱਸਦੀ ਹੈ ਕਿ ਉਨ੍ਹਾਂ ਨੂੰ ਕਿਹੋ ਜਿਹੇ ਸੰਸਕਾਰ ਮਿਲੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰੋ. ਵਰਮਾ ਉੱਘੇ ਸਿੱਖਿਆ ਸ਼ਾਸਤਰੀ ਸਨ ਜੋ ਮਨੁੱਖੀ ਕਦਰਾਂ-ਕੀਮਤਾਂ ਪ੍ਰਤੀ ਸਮਰਪਿਤ ਸਨ। ਉਨ੍ਹਾਂ ਕਿਹਾ ਕਿ ਪ੍ਰੋ. ਵਰਮਾ ਵੱਲੋਂ ਦਿਖਾਏ ਮਾਰਗ ਸਦਕਾ ਸਮੁੱਚੇ ਪਰਿਵਾਰ ਨੇ ਆਪਣੇ ਜੀਵਨ ਵਿੱਚ ਬੁਲੰਦੀਆਂ ਨੂੰ ਛੂਹਿਆ ਅਤੇ ਸਮਰਪਿਤ ਹੋ ਕੇ ਮਿਸ਼ਨਰੀ ਭਾਵਨਾ ਨਾਲ ਦੇਸ਼ ਦੀ ਸੇਵਾ ਕਰ ਰਿਹਾ ਹੈ। ਉਨ੍ਹਾਂ ਵਰਮਾ ਪਰਿਵਾਰ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਜਾਹਰ ਕਰਦਿਆਂ ਪਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।


ਮੁੱਖ ਮੰਤਰੀ ਭਗਵੰਤ ਮਾਨ, ਮਰਹੂਮ ਪ੍ਰੋ ਬੀ.ਸੀ. ਵਰਮਾ ਦੇ ਪੁੱਤਰ ਨਾਲ ਮਿਲਦੇ ਹੋਏ।

ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜ਼ੀਆਂ:ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਬੋਰਡ ਆਫ ਡਾਇਰੈਕਟਰ ਦੇ ਚੇਅਰਮੈਨ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਨੇ ਆਪਣੇ ਅਧਿਆਪਕ ਪ੍ਰੋ. ਵਰਮਾ ਨੂੰ ਸਿਜਦਾ ਕਰਦਿਆਂ ਵਿਦਿਆਰਥੀ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪ੍ਰੋ ਵਰਮਾ ਸਾਡੇ ਆਦਰਸ਼ ਅਧਿਆਪਕ ਸਨ ਜੋ ਵਿਦਿਆਰਥੀਆਂ ਦੇ ਰੋਲ ਮਾਡਲ ਸਨ ਜਿਨ੍ਹਾਂ ਦੀ ਤਰਜੀਹ ਹਮੇਸ਼ਾ ਵਿਦਿਆਰਥੀ ਰਹੇ ਹਨ। ਪ੍ਰੋ ਵਰਮਾ ਹਮੇਸ਼ਾ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਨੂੰ ਘਰ ਮੁਫ਼ਤ ਪੜ੍ਹਾਉਂਦੇ।

ਮਾਨ ਸਣੇ ਹੋਰ ਮੰਤਰੀ ਵੀ ਰਹੇ ਮੌਜੂਦ: ਰਸਮ ਪਗੜੀ ਤੇ ਆਰਤੀ ਤੋਂ ਪਹਿਲਾਂ ਸ੍ਰੀ ਗਰੁੜ ਪੁਰਾਣ ਜੀ ਦਾ ਭੋਗ ਪਾਇਆਂ ਗਿਆ ਅਤੇ ਲੀਜ਼ਾ ਡਾਬਰ ਦੀ ਮੰਡਲੀ ਵੱਲੋਂ ਭਜਨ ਕੀਤਾ ਗਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕਿਸ਼ਨ ਰੋੜੀ, ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਗੁਰਮੀਤ ਸਿੰਘ ਖੁੱਡੀਆ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ, ਮੌਜੂਦਾ ਵਿਧਾਇਕ, ਸਾਬਕਾ ਮੰਤਰੀ ਤੇ ਵਿਧਾਇਕ, ਡੀਜੀਪੀ ਗੌਰਵ ਯਾਦਵ, ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ, ਸਿਵਲ ਤੇ ਪੁਲਿਸ ਦੇ ਉੱਚ ਅਧਿਕਾਰੀ ਤੇ ਸੇਵਾ ਮੁਕਤ ਅਧਿਕਾਰੀ, ਵਕੀਲ ਭਾਈਚਾਰੇ ਅਤੇ ਪ੍ਰੈੱਸ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਰਾਜਸੀ ਪਾਰਟੀਆਂ, ਸਮਾਜਿਕ ਸੰਗਠਨਾਂ ਤੇ ਸਕੱਤਰੇਤ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।


ਇਸ ਮੌਕੇ ਪੰਜਾਬ ਦੇ ਰਾਜਪਾਲ, ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋੰ, ਪਿੰਡ ਚਲੈਲਾ ਦੀ ਸਮੁੱਚੀ ਪੰਚਾਇਤ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ, ਮਾਡਰਨ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਬਾਰ ਕੌਂਸਲ, ਪੰਜਾਬ ਆਈ.ਏ.ਐਸ. ਤੇ ਪੀ.ਸੀ.ਐਸ. ਅਫਸਰਜ਼ ਐਸੋਸੀਏਸ਼ਨ, ਕਾਲਜ ਤੇ ਟੀਚਰਜ਼ ਐਸੋਸੀਏਸ਼ਨ ਸਣੇ ਵੱਖ-ਵੱਖ ਸੰਸਥਾਵਾਂ ਵੱਲੋਂ ਸ਼ੋਕ ਸੰਦੇਸ਼ ਰਾਹੀਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। (ਪ੍ਰੈਸ ਨੋਟ)

ABOUT THE AUTHOR

...view details