ਚੰਡੀਗੜ੍ਹ: ਐੱਸਵਾਈਐੱਲ ਦੇ ਮਾਮਲੇ ਨੂੰ ਲੈ ਕੇ ਟਵੀਟ ਵਾਰ ਲਗਾਤਾਰ ਜਾਰੀ ਹੈ। ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ ਨਿਸ਼ਾਨਾਂ ਬਣਾਉਦੇ ਹੋਏ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀਆਂ ਦੁਆਰਾ ਖੜ੍ਹੇ ਕੀਤੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਜਾ ਰਹੇ ਹਨ। ਮੁੱਖ ਮੰਤਰੀ ਮਾਨ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਪਲੇਟਫਾਰਮ X ਉੱਤੇ ਵਿਰੋਧੀਆਂ ਨੂੰ ਸਖ਼ਤ ਤਾੜਨਾ ਦਿੱਤੀ ਹੈ ਤੇ ਇੱਕ ਵਾਰ ਫਿਰ 1 ਨਵੰਬਰ ਨੂੰ ਬਹਿਸ ਵਾਲੇ ਦਿਨ ਸਾਰੇ ਸਬੂਤ ਲੈ ਕੇ ਆਉਣ ਲਈ ਕਿਹਾ ਹੈ।
ਮਾਣਯੋਗ ਸੁਨੀਲ ਜਾਖੜ ਜੀ, ਸੁਖਬੀਰ ਬਾਦਲ ਜੀ, ਬਾਜਵਾ ਜੀ,ਰਾਜਾ ਵੜਿੰਗ ਜੀ..ਕੋਈ ਥੋੜ੍ਹੀ ਬਹੁਤ ਸ਼ਰਮ ਨਾਮ ਦੀ ਚੀਜ਼ ਘਰੋਂ ਲੈ ਕੇ ਤੁਰਦੇ ਓ ਜਾਂ ਨਹੀਂ ??.. ਚਾਂਦੀ ਦੀ ਕਹੀ ਨਾਲ ਟੱਕ ਲਾਉਣ ਵਾਲੀ ਫ਼ੋਟੋ ਚ ਕੈਪਟਨ ਨਾਲ ਬਲਰਾਮ ਜਾਖੜ ਜੀ ਵੀ ਖੜ੍ਹੇ ਨੇ.,ਦੇਵੀ ਲਾਲ ਨੇ ਹਰਿਆਣਾ ਵਿਧਾਨ ਸਭਾ ਚ ਪ੍ਰਕਾਸ਼ ਸਿੰਘ ਬਾਦਲ ਦੀ SYL ਦੇ ਸਰਵੇ ਕਰਾਉਣ ਦੀ ਇਜ਼ਾਜ਼ਤ ਦੇਣ ਦੀ ਤਾਰੀਫ਼ ਕੀਤੀ..ਸੁਖਬੀਰ ਸਿੰਹਾਂ ਗੁੜਗਾਓਂ ਵਾਲੇ Oberoi ਹੋਟਲ ਦੀ ਫਰਦ ਲੈ ਕੇ ਆਈਂ..ਬਾਕੀ ਰਹੀ ਪਾਣੀ ਦੀ ਗੱਲ ਓਹ ਤੁਸੀਂ ਫ਼ਿਕਰ ਨਾ ਕਰੋ, ਛੋਟੇ ਹੁੰਦੇ ਖੇਤ ਮੇਰੀ ਡਿਊਟੀ ਖਾਲ ਤੇ ਗੇੜਾ ਮਾਰਨ ਦੀ ਲੱਗਦੀ ਸੀ ਕਿ ਖਾਲ ਚੋਂ ਕੋਈ ਖੱਡ ਨਾ ਪੈਜੇ.. ਡਿਊਟੀ ਹੁਣ ਵੀ ਪ੍ਰਮਾਤਮਾ ਨੇ ਮੇਰੀ ਖਾਲ ਤੇ ਈ ਲਾਈ ਐ ਪਰ ਇਸ ਵਾਰ ਖ਼ਾਲ ਦਾ ਨਾਮ ‘ਸਤਲੁਜ’ ਐ ..1 ਨਵੰਬਰ ਨੂੰ ਆਪਣੇ ਪੁਰਖਿਆਂ ਦੇ ਕੁਰਸੀ ਵਾਸਤੇ ਕੀਤੇ ਹੋਏ ਕੁਰਸੀਨਾਮੇ ਜਰੂਰ ਨਾਲ ਲੈ ਕੇ ਆਇਓ.. ਤਾਂ ਕਿ ਮੇਰੇ ਵਤਨ ਪੰਜਾਬ ਦੇ ਲੋਕ ਵੀ ਜਾਣ ਲੈਣ ਕਿ ਕੁਰਬਾਨੀ ਦੇਣ ਦੀ ਗੱਲ ਕਹਿ ਕੇ ਉਹਨਾਂ ਦੀ ਕਿੰਨੀ ਵਾਰ ਕੁਰਬਾਨੀ ਲਈ ਗਈ… - ਭਗਵੰਤ ਮਾਨ, ਮੁੱਖ ਮੰਤਰੀ ਪੰਜਾਬ
ਦੇਰ ਰਾਤ ਸੁਨੀਲ ਜਾਖੜ ਨੇ ਕੀਤਾ ਸੀ ਟਵੀਟ:ਦੱਸ ਦਈਏ ਕਿ ਦੇਰ ਰਾਤ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰ ਮੁੱਖ ਮੰਤਰੀ ਭਗੰਵਤ ਮਾਨ ਉੱਤੇ ਨਿਸ਼ਾਨੇ ਸਾਧੇ ਸਨ। ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ ਸੀ ‘ਟੈਗੋਰ ਥੀਏਟਰ ਨੂੰ ਐਸਵਾਈਐਲ 'ਤੇ ਬਹਿਸ ਲਈ ਸਥਾਨ ਵਜੋਂ ਚੁਣਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਹੀ ਸਾਬਤ ਕੀਤਾ ਹੈ ਕਿ ਪੁਰਾਣੀਆਂ ਆਦਤਾਂ ਮੁਸ਼ਕਿਲ ਨਾਲ ਮਰ ਜਾਂਦੀਆਂ ਹਨ ! ਵਾਰਿਸ ਸ਼ਾਹ ਆਪਣੀਆਂ ਆਦਤਾਂ ਨਹੀਂ ਛੱਡਦਾ, ਭਾਵੇਂ ਟੁਕੜੇ ਕਰ ਦੇਵੋ।’
ਵਿਰੋਧੀਆਂ ਵੱਲੋਂ ਕੀਤੇ ਜਾ ਰਹੇ ਹਨ ਪ੍ਰਦਰਸ਼ਨ:ਐੱਸਵਾਈਐੱਲ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਲਗਾਈ ਗਈ ਫ਼ਟਕਾਰ ਤੋਂ ਬਾਅਦ ਵਿਰੋਧੀਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਦੱਸ ਦਈਏ ਕਿ ਇਸੇ ਮਾਮਲੇ ਨੂੰ ਲੈ ਕੇ ਭਾਜਪਾ, ਕਾਂਗਰਸ ਤੇ ਅਕਾਲੀ ਦਲ ਵੱਲੋਂ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕੀਤਾ ਗਿਆ ਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਪਾਈ ਸੀ ਝਾੜ:ਐੱਸਵਾਈਐੱਲ ਮਾਮਲੇ ਨੂੰ ਲੈ ਕੇ ਕੁਝ ਦਿਨ ਪਹਿਲਾ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਸੀ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਐਸਵਾਈਐਲ ਮੁੱਦੇ 'ਤੇ ਸਿਆਸਤ ਨਾ ਕਰਨ ਦੀ ਸਲਾਹ ਦਿੱਤੀ ਤੇ ਇਸ ਦਾ ਜਲਦੀ ਹੱਲ ਕੱਢਣ ਲਈ ਕਿਹਾ ਸੀ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੰਜਾਬ ਵਿੱਚ ਐਸਵਾਈਐਲ ਨਹਿਰ ਦੀ ਉਸਾਰੀ ਦੀ ਪ੍ਰਕਿਰਿਆ ਬਾਰੇ ਸਰਵੇਖਣ ਸ਼ੁਰੂ ਕਰਨ ਦੇ ਹੁਕਮ ਦਿੱਤੇ।
ਮੁੱਖ ਮੰਤਰੀ ਮਾਨ ਨੇ ਬਹਿਸ ਲਈ ਦਿੱਤਾ ਸੱਦਾ:ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਐੱਸਵਾਈਐੱਲ ਮਾਮਲੇ ਉੱਤੇ ਖੁੱਲ੍ਹੀ ਬਹਿਸ ਲਈ ਚੈਲੰਜ਼ ਕੀਤਾ ਹੈ। ਮੁੱਖ ਮੰਤਰੀ ਮਾਨ 1 ਨਵੰਬਰ ਨੂੰ ਚਰਚਾ ਦਾ ਦਿਨ ਰੱਖਿਆ ਹੈ, ਜਿਸ ਵਿੱਚ ਵਿਰੋਧੀਆਂ ਨੂੰ ਸਾਰੇ ਸਬੂਤ ਲੈ ਕੇ ਆਉਣ ਲਈ ਕਿਹਾ ਹੈ।
SYL ਮੁੱਦੇ 'ਤੇ ਪ੍ਰਧਾਨ ਮੰਤਰੀ ਨੇ ਵੀ ਦਿੱਤਾ ਅਸਿੱਧਾ ਬਿਆਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਸਵਾਈਐਲ ਦੇ ਮੁੱਦੇ 'ਤੇ ਅਸਿੱਧਾ ਬਿਆਨ ਦਿੰਦਿਆਂ ਕਿਹਾ ਸੀ ਕਿ ਗੁਆਂਢੀ ਰਾਜਾਂ ਨੂੰ ਦਰਿਆਈ ਪਾਣੀ ਮੁਹੱਈਆ ਕਰਵਾਉਣਾ ਹੁਣ ਗੰਭੀਰ ਮੁੱਦਾ ਬਣ ਗਿਆ ਹੈ। ਭਾਰਤ ਵਿੱਚ ਪੀਣ ਵਾਲੇ ਪਾਣੀ ਨੂੰ ਸ਼ੁਭ ਮੰਨਿਆ ਜਾਂਦਾ ਹੈ। ਇੱਥੇ ਜੇਕਰ ਕਿਸੇ ਨੂੰ ਪੀਣ ਲਈ ਪਾਣੀ ਦਿੱਤਾ ਜਾਵੇ ਤਾਂ ਉਹ ਇਸ ਨੂੰ ਲੰਬੇ ਸਮੇਂ ਤੱਕ ਯਾਦ ਰੱਖਦਾ ਹੈ। ਐਸ.ਵਾਈ.ਐਲ 'ਤੇ ਅਸਿੱਧੇ ਤੌਰ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਕੁਝ ਸੂਬੇ ਅਜਿਹੇ ਹਨ ਜੋ ਇਕ ਦੂਜੇ ਨੂੰ ਪਾਣੀ ਦੀ ਇਕ ਬੂੰਦ ਵੀ ਦੇਣ ਲਈ ਤਿਆਰ ਨਹੀਂ ਹਨ। ਪੀਐਮ ਮੋਦੀ ਨੇ ਕਿਹਾ ਕਿ ਜਦੋਂ ਮੈਂ ਗੁਜਰਾਤ ਦਾ ਸੀਐਮ ਸੀ ਤਾਂ ਮੈਂ ਰਾਜਸਥਾਨ ਨੂੰ ਪਾਣੀ ਦਿੱਤਾ, 24 ਘੰਟਿਆਂ ਦੇ ਅੰਦਰ ਮੈਂ ਰਾਜਸਥਾਨ ਨੂੰ ਨਰਮਦਾ ਦਾ ਪਾਣੀ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਕਿਸਾਨਾਂ ਨੂੰ ਪਾਣੀ ਮੁਹੱਈਆ ਕਰਵਾ ਰਹੇ ਹਾਂ। ਉਨ੍ਹਾਂ ਕਿਹਾ ਕਿ ਪਾਣੀਆਂ ਦੀ ਵੰਡ ਦੇ ਮੁੱਦੇ ’ਤੇ ਸੂਬੇ ਇੱਕ ਦੂਜੇ ਨਾਲ ਗੱਲ ਕਰਨ ਦੀ ਬਜਾਏ ਇੱਕ ਦੂਜੇ ਨੂੰ ਮਾਰ ਰਹੇ ਹਨ।
ਕੀ ਹੈ ਸਤਲੁਜ-ਯਮੁਨਾ ਲਿੰਕ ਵਿਵਾਦ ਦਾ ਮੁੱਦਾ:ਜ਼ਿਕਰਯੋਗ ਹੈ ਕਿ ਪੰਜਾਬ ਪਾਣੀਆਂ ਦੇ ਮੁੱਦੇ ਕਾਰਨ 1 ਨਵੰਬਰ 1966 ਨੂੰ ਹਰਿਆਣਾ ਤੋਂ ਵੱਖ ਹੋ ਗਿਆ ਸੀ। ਹਾਲਾਂਕਿ ਉਸ ਸਮੇਂ ਪਾਣੀ ਦੀ ਵੰਡ ਨਹੀਂ ਕੀਤੀ ਗਈ ਸੀ। ਕੁਝ ਸਾਲਾਂ ਬਾਅਦ ਕੇਂਦਰ ਨੇ ਹਰਿਆਣਾ ਨੂੰ 3.5 ਐਮਏਐਫ ਪਾਣੀ ਅਲਾਟ ਕੀਤਾ। ਇਸ ਪਾਣੀ ਨੂੰ ਲਿਆਉਣ ਲਈ ਐਸਵਾਈਐਲ ਨਹਿਰ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ। ਇਸ ਤਰ੍ਹਾਂ ਹਰਿਆਣਾ ਨੇ ਕਈ ਸਾਲ ਪਹਿਲਾਂ ਆਪਣੇ ਹਿੱਸੇ ਦੀ ਨਹਿਰ ਪੂਰੀ ਕਰ ਲਈ ਸੀ ਪਰ ਪੰਜਾਬ ਨੇ ਅਜੇ ਤੱਕ ਆਪਣਾ ਹਿੱਸਾ ਪੂਰਾ ਨਹੀਂ ਕੀਤਾ। ਦੂਜੇ ਪਾਸੇ ਸਿਆਸੀ ਪਾਰਟੀਆਂ ਕਾਰਨ ਇਸ ਪਾਣੀ ਦਾ ਮੁੱਦਾ ਕਈ ਵਾਰ ਸੁਪਰੀਮ ਕੋਰਟ ਵਿੱਚ ਉਠਾਇਆ ਜਾ ਚੁੱਕਾ ਹੈ ਅਤੇ ਹਰ ਵਾਰ ਦੋਵਾਂ ਸੂਬਿਆਂ ਨੂੰ ਇਸ ਵਿਵਾਦ ਨੂੰ ਜਲਦੀ ਹੱਲ ਕਰਨ ਲਈ ਕਿਹਾ ਗਿਆ ਹੈ।