ਚੰਡੀਗੜ੍ਹ:ਕੇਂਦਰ ਤੋਂ ਪੰਜਾਬ ਨੂੰ ਵੱਡੀ ਸੌਗਾਤ ਮਿਲੀ ਹੈ। ਕੇਂਦਰੀ ਬਿਜਲੀ ਮੰਤਰੀ ਆਰਕੇ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਭਗਵੰਤ ਮਾਨ ਨੇ ਟਵੀਟ ਕਰਦਿਆਂ ਖੁਲਾਸਾ ਕੀਤਾ ਹੈ ਕਿ ਉੜੀਸਾ ਤੋਂ ਕੋਲਾ ਸਮੁੰਦਰ ਰਾਹੀਂ ਪੰਜਾਬ ਲਿਆਉਣ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਹੈ। ਇਸ ਫੈਸਲੇ ਦਾ ਮਾਨ ਨੇ ਸਵਾਗਤ ਕੀਤਾ ਹੈ ਅਤੇ ਬਿਜਲੀ ਮੰਤਰੀ ਦਾ ਧੰਨਵਾਦ ਵੀ ਕੀਤਾ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਤੋਂ ਸੋਲਰ ਬਿਜਲੀ ਦੀ ਪੂਰਤੀ ਤੇ ਪਛਵਾੜਾ ਕੋਲ ਮਾਈਨ ਦੀ ਸਮਰੱਥਾ ਵਧਾਉਣ 'ਤੇ ਵੀ ਚਰਚਾ ਕੀਤੀ ਗਈ ਹੈ। ਦਰਅਸਲ ਪੰਜਾਬ ਦੇ ਬਹੁਤੇ ਥਰਮਲ ਪਲਾਂਟ ਕੋਲੇ ਦੀ ਘਾਟ ਕਾਰਨ ਆਪਣੀ ਮਸਰੱਥਾ ਅਨੁਸਾਰ ਬਿਜਲੀ ਪੈਦਾ ਨਹੀਂ ਕਰ ਰਹੇ, ਜਿਸਦਾ ਖਾਮਿਆਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਮਾਨ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਗਰਮੀਆਂ 'ਚ ਬਿਜਲੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਕੋਲੇ ਦੀ ਘਾਟ ਨਾਲ ਲੜ ਰਹੇ ਥਰਮਲ ਪਲਾਂਟ :ਦਰਅਸਲ ਪਿਛਲੇ ਦਿਨੀਂ ਮੀਡੀਆ ਰਿਪੋਰਟਾਂ ਸਨ ਕਿ ਪੰਜਾਬ ਕੋਲ ਬਿਜਲੀ ਪੈਦਾ ਕਰਨ ਲਈ ਸਿਰਫ 9 ਦਿਨਾਂ ਲਈ ਹੀ ਕੋਲਾ ਬਚਿਆ ਹੈ। ਕਿਉਂ ਕਿ ਪਛਵਾੜਾ ਤੋਂ ਕੋਲਾ ਨਹੀਂ ਆ ਰਿਹਾ ਸੀ ਅਤੇ ਇਸ ਨਾਲ ਬਿਜਲੀ ਸਪਲਾਈ ਵੀ ਬੰਦ ਹੋ ਗਈ ਸੀ। ਪੰਜਾਬ ਸਰਕਾਰ ਲੋਕਾਂ ਨੂੰ ਆਪਣੇ ਵਾਅਦੇ ਮੁਤਾਬਿਕ ਮੁਫਤ ਬਿਜਲੀ ਦੇ ਰਹੀ ਹੈ ਇਸ ਕਰਕੇ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਤੋਂ ਵੀ ਜਿਆਦਾ ਵਧ ਰਹੀ ਸੀ। ਕੋਲੇ ਦੀ ਸਪਲਾਈ ਵਿੱਚ ਬਦਲਾਅ ਹੋਣ ਨਾਲ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਟਕਰਾਅ ਰਿਹਾ ਹੈ। ਵਿਰੋਧੀਆਂ ਨੇ ਕਿਹਾ ਸੀ ਕਿ ਕੋਲੇ ਦੀ ਸਪਲਾਈ ਵਿੱਚ ਕਮੀ ਆਉਣ ਅਤੇ ਮੁਫਤ ਬਿਜਲੀ ਸਪਲਾਈ ਕਾਰਨ ਲੋਕਾਂ ਦੇ ਘਰਾਂ ਦੀ ਬਿਜਲੀ ਠੱਪ ਹੋ ਜਾਵੇਗੀ।