ਚੰਡੀਗੜ੍ਹ: ਪੰਜਾਬ ਵਿੱਚ ਹਾਲ ਹੀ ਵਿੱਚ, ਬੇਮੌਸਮੇ ਮੀਂਹ ਨੇ ਖਰਾਬ ਕੀਤੀਆਂ ਫ਼ਸਲਾਂ ਕਾਰਨ ਕਿਸਾਨ ਬੇਹਦ ਪ੍ਰੇਸ਼ਾਨ ਰਿਹਾ ਹੈ। ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਹੋਰ ਅਹਿਮ ਐਲਾਨ ਕੀਤੇ ਜਾ ਰਹੇ ਹਨ। ਅੱਜ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਉਪਜਾਊ ਹੈ, ਇਸ ਲਈ ਪੰਜਾਬ ਦੀ ਧਰਤੀ ਉੱਤੇ ਕਈ ਫ਼ਸਲਾਂ ਬੀਜੀਆਂ ਜਾਂਦੀਆਂ ਰਹੀਆਂ। ਪਰ, ਕੁਝ ਸਮੇਂ ਤੋਂ ਅਸੀਂ ਝੋਨੇ ਦੀ ਹੀ ਖੇਤੀ ਨੂੰ ਤਰਜ਼ੀਹ ਦੇ ਰਹੇ ਹਾਂ ਜਿਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਇਨ੍ਹਾਂ ਵਿੱਚ ਪਰਾਲੀ ਦੀ ਸਮੱਸਿਆ, ਪਾਣੀ ਦਾ ਪੱਧਰ ਬਹੁਤ ਹੇਠਾਂ ਚਲੇ ਜਾਣਾ ਤੇ ਬਿਜਲੀ ਸਬੰਧੀ ਹੋਰ ਵੀ ਕਈ ਸਮੱਸਿਆਵਾਂ ਸ਼ਾਮਲ ਹਨ।
ਸਰਕਾਰ ਖੇਤੀ ਲਈ ਕੁੱਝ ਨਵਾਂ ਕਰਨ ਜਾ ਰਹੀ:ਸੀਐਮ ਮਾਨ ਨੇ ਕਿਹਾ ਕਿ ਇਨ੍ਹਾਂ ਸਭ ਮੁਸ਼ਕਲਾਂ ਨੂੰ ਵੇਖਦੇ ਹੋਏ ਸਾਡੀ ਸਰਕਾਰ ਤੇ ਟੀਮ ਕੁਝ ਨਵਾਂ ਕਰਨ ਜਾ ਰਹੇ ਹਾਂ। ਇਸ ਨੂੰ ਲੈ ਕੇ ਕਮੇਟੀ ਦਾ ਗਠਨ ਕੀਤਾ ਹੈ, ਜੋ ਪਿੰਡ-ਪਿੰਡ ਦੌਰਾ ਕਰਕੇ ਕਿਸਾਨ ਨਾਲ ਗੱਲ ਕਰੇਗੀ। ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਜਾਣਿਆ ਜਾਵੇਗਾ ਕਿ ਝੋਨੇ ਤੋਂ ਇਲਾਵਾ ਹੋਰ ਕਿਹੜੀਆਂ ਫ਼ਸਲਾਂ ਬੀਜ ਸਕਦੇ ਹੈ ਜਿਸ ਨਾਲ ਪਾਣੀ ਦਾ ਬਚਾਅ ਹੋਵੇ ਅਤੇ ਕਿਸਾਨ ਦੀ ਲਾਗਤ ਘੱਟ ਤੇ ਕਮਾਈ ਵੱਧ ਹੋਵੇ। ਫਿਰ ਉਹ ਰਿਪੋਰਟ ਟੀਮ ਮੈਨੂੰ ਸੌਂਪੇਗੀ।
1 ਅਪ੍ਰੈਲ ਤੱਕ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇਗਾ: ਸੀਐਮ ਮਾਨ ਨੇ ਕਿਹਾ ਕਿ ਨਰਮਾ, ਬਾਸਮਤੀ ਤੇ ਦਾਲਾਂ ਆਦਿ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਸੀਐਮ ਮਾਨ ਨੇ ਕਿਹਾ ਕਿ ਨਰਮੇ ਦੇ ਰਕਬੇ ਨੂੰ ਅਸੀਂ ਵਧਾਉਣਾ ਚਾਹੁੰਦੇ ਹਾਂ। ਇਸ ਨੂੰ ਲੈ ਕੇ ਅਸੀਂ ਖੇਤੀਬਾੜੀ ਯੂਨੀਵਰਸਿਟੀ ਵਿਖੇ ਕਿਸਾਨ ਮਿਲਣੀ ਕੀਤੀ ਜਿਸ ਵਿੱਚ ਕਿਸਾਨਾਂ ਨੇ ਸਲਾਹ ਦਿੱਤੀ ਕਿ ਕਿਵੇ ਰਕਬੇ ਨੂੰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਰਕਬੇ ਨੂੰ ਵਧਾਉਣ ਲਈ ਜੇ 1 ਅਪ੍ਰੈਲ ਨੂੰ ਨਹਿਰਾਂ ਵਿੱਚ ਪਾਣੀ ਆ ਜਾਵੇ, ਤਾਂ ਸਾਡੀ ਕਪਾਹ ਦੀ ਫਸਲ ਦੀ ਉਤਪਾਦਨ ਹੋਵੇਗੀ। ਇਸ ਨਾਲ ਕਪਾਹ ਤੇ ਨਰਮਾ ਫਸਲਾਂ ਦੇ ਰਕਬੇ ਨੂੰ ਵਧਾਇਆ ਜਾਵੇਗਾ। ਸੀਐਮ ਮਾਨ ਨੇ ਗਾਰੰਟੀ ਦਿੱਤੀ ਕਿ 1 ਅਪ੍ਰੈਲ ਤੱਕ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇਗਾ।