ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ 'ਤੇ ਕਾਬੂ ਪਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਿਹਤ ਵਿਭਾਗ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਦੁਪਹਿਰ 12 ਵਜੇ ਦੇ ਕਰੀਬ ਹੋਵੇਗੀ। ਮੀਟਿੰਗ ਦੌਰਾਨ ਕੋਰੋਨਾ ਪੀੜਤਾਂ ਦੀ ਗਿਣਤੀ ਨੂੰ ਘੱਟ ਕਰਨ ਦੇ ਯਤਨਾਂ ਸਣੇ ਬਚਾਅ ਉਪਾਅ ਦੀ ਸਮੀਖਿਆ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਇੱਕ ਹਫ਼ਤੇ ਵਿੱਚ, ਪੰਜਾਬ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ।
ਬੀਤੇ ਦਿਨ ਮਾਨ ਦਾ ਟਵੀਟ-ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ: ਪਿਛਲੇ 24 ਘੰਟਿਆਂ ਵਿੱਚ 100 ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਹ ਆਮ ਲੋਕਾਂ ਦੇ ਨਾਲ-ਨਾਲ ਪੰਜਾਬ ਸਰਕਾਰ ਲਈ ਵੀ ਚੁਣੌਤੀ ਬਣ ਗਈ ਹੈ। ਇਹੀ ਕਾਰਨ ਹੈ ਕਿ ਸੀਐਮ ਮਾਨ ਨੂੰ ਸਿਹਤ ਵਿਭਾਗ ਨਾਲ ਮੀਟਿੰਗ ਕਰਕੇ ਮੰਥਨ ਕਰਨਾ ਪਿਆ ਹੈ। ਹਾਲਾਂਕਿ, ਮੁੱਖ ਮੰਤਰੀ ਭਗਵੰਤ ਮਾਨ ਨੇ 6 ਅਪ੍ਰੈਲ ਨੂੰ ਟਵੀਟ ਕਰਕੇ ਦਾਅਵਾ ਕੀਤਾ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ। ਮਾਨ ਨੇ ਲਿਖਿਆ ਸੀ ਕਿ ਕੋਈ ਵੀ ਮਰੀਜ਼ ਵੈਂਟੀਲੇਟਰ ਉੱਤੇ ਨਹੀਂ ਹੈ, ਪਰ ਕੋਰੋਨਾ ਪਾਜ਼ੀਟਿਵ ਦਰ ਵੱਧਣ ਕਾਰਨ ਸਥਿਤੀ ਉਲਟ ਹੋ ਰਹੀ ਹੈ।
ਕੋਵਿਡ ਟੈਸਟਾਂ ਦੀ ਨਿਗਰਾਨੀ ਯਕੀਨੀ ਬਣਾਉਣ ਦੇ ਹੁਕਮ:ਡਿਪਟੀ ਕਮਿਸ਼ਨਰਾਂ ਤੇ ਸਿਵਲ ਸਰਜਨਾਂ ਨਾਲ ਇੱਕ ਸਮੀਖਿਆ ਮੀਟਿੰਗ ਵੀ ਹੋਈ। ਪ੍ਰਮੁੱਖ ਸਿਹਤ ਸਕੱਤਰ ਨੇ ਹਰੇਕ ਜ਼ਿਲ੍ਹੇ ਵਿੱਚ ਕੋਰੋਨਾ ਟੈਸਟਾਂ ਦੀ ਨਿਗਰਾਨੀ ਕਰਨ ਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਰੋਜ਼ਾਨਾ ਦੇ ਆਧਾਰ ਉੱਤੇ ਲੋੜੀਂਦੇ ਟੈਸਟ ਕਰਵਾਏ ਜਾਣ। ਅਧਿਕਾਰੀਆਂ ਨੂੰ ਕੋਰੋਨਾਵਾਇਰਸ ਲਈ ਤਿਆਰੀਆਂ ਦੀ ਨਿਗਰਾਨੀ ਕਰਨ ਲਈ ਜ਼ਮੀਨੀ ਪੱਧਰ ਉੱਤੇ ਜਾ ਕੇ ਜਾਇਜ਼ਾ ਲੈਣ ਤੇ ਲੋੜ ਪੈਣ 'ਤੇ ਸੁਧਾਰ ਕਾਰਵਾਈ ਕਰਨ ਦੀ ਸਲਾਹ ਦਿੱਤੀ ਗਈ ਹੈ। ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੀ ਗਿਣਤੀ ਵਧ ਸਕਦੀ ਹੈ, ਪ੍ਰਮੁੱਖ ਸਕੱਤਰ ਸਿਹਤ ਨੇ ਰਾਜ ਵਿੱਚ ਸਾਰੇ ਕਾਰਜਸ਼ੀਲ ਪੀਐਸਏ ਪਲਾਂਟਾਂ ਵੱਲੋਂ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਅਤੇ ਹਰੇਕ ਲੈਵਲ-3 ਬੈੱਡ ਨੂੰ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਹਨ।
ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਅੰਕੜੇ: ਪਿਛਲੇ 24 ਘੰਟਿਆਂ ਵਿੱਚ, ਪੰਜਾਬ 'ਚ ਕੋਰੋਨਾਵਾਇਰਸ ਦੇ ਵੀਰਵਾਰ ਨੂੰ 111 ਨਵੇਂ ਮਾਮਲੇ ਦਰਜ ਹੋਏ, ਜਦਕਿ 486 ਕੋਰੋਨਾ ਮਾਮਲੇ ਐਕਟਿਵ ਦਰਜ ਹੋਏ। ਪੰਜਾਬ ਵਿੱਚ ਕੋਰੋਨਾ ਪਾਜ਼ੀਟਿਵਿਟੀ ਦਰ 5.09 ਫੀਸਦੀ ਹੈ। ਉੱਥੇ ਹੀ, 4 ਮਰੀਜ ਆਕਸੀਜਨ ਸਪੋਰਟ 'ਤੇ ਹਨ। ਮੋਗਾ 'ਚ ਇੱਕ ਕੋਰੋਨਾ ਮਰੀਜ਼ ਦੀ ਮੌਤ ਹੋਈ ਹੈ। ਵੀਰਵਾਰ ਨੂੰ ਕੋਰੋਨਾ ਨੂੰ ਮਾਤ ਦੇ ਕੇ ਕੁੱਲ 61 ਮਰੀਜ਼ ਹਸਪਤਾਲ ਚੋਂ ਘਰ ਵਾਪਸ ਪਰਤੇ ਹਨ।
ਇਹ ਵੀ ਪੜ੍ਹੋ :Leaves Canceled Of Punjab Police: ਪੰਜਾਬ ਪੁਲਿਸ ਦੀਆਂ ਛੁੱਟੀਆਂ ਰੱਦ, ਅੰਮ੍ਰਿਤਪਾਲ ਨੂੰ ਲੈ ਕੇ ਅਲਰਟ 'ਤੇ ਪੁਲਿਸ