ਚੰਡੀਗੜ੍ਹ: ਪੰਜਾਬ ਦੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੱਚਿਆਂ ਅਤੇ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਚੈਟ ਬੋਟ ਐਪ ਗੁਆਚੇ ਬੱਚਿਆਂ ਨੂੰ ਲੱਭਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਕਈ ਵਾਰ ਬੱਚੇ ਨਾਰਾਜ਼ ਹੋ ਕੇ ਘਰੋਂ ਚਲੇ ਜਾਂਦੇ ਹਨ ਜਾਂ ਕੁਝ ਹੋਰ ਕਾਰਨਾਂ ਕਰਕੇ ਗੁਆਚ ਜਾਂਦੇ ਹਨ। ਹੁਣ ਚੈਟ ਬੋਟ ਦੇ ਜ਼ਰੀਏ ਗੁਆਚੇ ਬੱਚਿਆਂ ਦੀ ਭਾਲ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਸਕੇਗੀ ਅਤੇ ਪੁਲਿਸ ਉੱਤੇ ਕੰਮ ਦਾ ਬੋਝ ਵੀ ਘਟੇਗਾ। ਇਸ ਐਪ ਨਾਲ ਬੱਚੇ ਦੀ ਲੋਕੇਸ਼ਨ ਵੀ ਟਰੇਸ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਇਕ ਨੰਬਰ 95177- 95178 ਨੰਬਰ ਵੀ ਲਾਂਚ ਕੀਤਾ ਗਿਆ। ਜੇਕਰ ਕਿਤੇ ਵੀ ਕੋਈ ਬੱਚਾ ਅਜੀਬ ਹਾਲਤ ਵਿਚ ਮਿਲਦਾ ਹੈ ਜਾਂ ਬੱਚੇ ਨਾਲ ਕੁਝ ਗਲਤ ਹੁੰਦਾ ਵਿਖਾਈ ਦਿੰਦਾ ਹੈ ਤਾਂ ਇਸ ਨੰਬਰ ਉੱਤੇ ਸੰਪਰਕ ਕਰਕੇ ਚੈਟ ਬੋਟ ਜ਼ਰੀਏ ਪੰਜਾਬ ਪੁਲਿਸ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਪੰਜਾਬ ਵਿਚ ਔਰਤਾਂ ਲਈ 181 ਨੰਬਰ ਹੈਲਪਲਾਈਨ ਸ਼ੁਰੂ ਕੀਤੀ ਗਈ।
ਪੰਜਾਬ ਪੁਲਿਸ ਨੂੰ ਮਿਲੇਗੀ ਤੀਜੀ ਅੱਖ: ਸੀਐੱਮ ਮਾਨ ਨੇ ਪੰਜਾਬ ਪੁਲਿਸ ਉੱਤੇ ਕੰਮ ਦਾ ਬੋਝ ਘੱਟ ਕਰਨ ਲਈ ਸਰਕਾਰ ਵੱਲੋਂ ਉਪਰਾਲਾ ਕੀਤੇ ਜਾਣ ਦੀ ਗੱਲ ਕਹੀ। ਜਿਸ ਲਈ ਪੰਜਾਬ ਵਿੱਚ ਕੈਮਰੇ ਲਗਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਸੀਐੱਮ ਮਾਨ ਨੇ ਦਾਅਵਾ ਕੀਤਾ ਕਿ ਮੈਂਬਰ ਪਾਰਲੀਮੈਂਟ ਹੁੰਦਿਆਂ ਉਹਨਾਂ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਕਈ ਖੇਤਰਾਂ ਵਿਚ ਕੈਮਰੇ ਲਗਵਾਏ ਜਿਹਨਾਂ ਦੀ ਮਾਨੀਟਰਿੰਗ ਥਾਣਿਆਂ ਵਿੱਚ ਹੁੰਦੀ ਹੈ ਅਤੇ ਪਤਾ ਲੱਗਦਾ ਰਹਿੰਦਾ ਹੈ ਕਿ ਕਿੱਥੇ ਕੀ ਹੋ ਰਿਹਾ ਹੈ? ਸੀਐੱਮ ਮਾਨ ਕਿਹਾ ਕਿ ਹੁਣ ਇਸੇ ਤਰ੍ਹਾਂ ਪੰਜਾਬ ਪੁਲਿਸ ਨੂੰ ਤੀਜੀ ਅੱਖ ਦੇ ਰੂਪ ਵਿੱਚ ਸੀਸੀਟੀਵੀ ਕੈਮਰੇ ਸੂਬੇ ਭਰ ਵਿੱਚ ਪੰਜਾਬ ਸਰਕਾਰ ਵੱਲੋਂ ਲਗਾ ਕੇ ਦਿੱਤੇ ਜਾਣਗੇ।