ਚੰਡੀਗੜ੍ਹ:ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਪ੍ਰਚੰਡ ਬਹੁਮਤ ਨਾਲ ਸਰਕਾਰ ਬਣਨ ਦੇ ਬਾਅਦ ਤੋਂ ਲਗਾਤਾਰ ਕਿਸੇ ਨਾ ਕਿਸੇ ਮਸਲੇ ਨੂੰ ਲੈਕੇ ਸੂਬੇ ਦੇ ਮੁੱਖ ਮੰਤਰੀ ਅਤੇ ਰਾਜਪਾਲ ਵਿਚਾਲੇ ਤਕਰਾਰ ਚੱਲਦੀ ਰਹੀ ਹੈ, ਪਰ ਹੁਣ ਇਹ ਤਕਰਾਰ ਮਾਰੂ ਰੂਪ ਧਾਰ ਦੀ ਨਜ਼ਰ ਆ ਰਹੀ ਹੈ। ਬੀਤੇ ਦਿਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਕੋਲੋਂ ਪਹਿਲਾਂ ਕਈ ਜ਼ਰੂਰੀ ਸੂਚਨਾਵਾਂ ਮੰਗੀਆਂ ਗਈਆਂ ਜਿਨ੍ਹਾਂ ਦਾ ਜਵਾਬ ਨਹੀਂ ਆਇਆ ਅਤੇ ਹੁਣ ਸੂਬੇ ਵਿੱਚ ਗੰਭੀਰ ਨਸ਼ੇ ਦੇ ਮੁੱਦੇ ਉੱਤੇ ਕਾਰਵਾਈ ਸਬੰਧੀ ਰਿਪੋਰਟ ਮੰਗੀ ਗਈ ਤਾਂ ਪੰਜਾਬ ਸਰਕਾਰ ਨੇ ਮੁੜ ਇਸ ਨੂੰ ਅਣਗੋਲਿਆਂ ਕਰਕੇ ਦੇਸ਼ ਦੇ ਕਾਨੂੰਨ ਦਾ ਨਿਰਾਦਰ ਕੀਤਾ, ਅਜਿਹੇ ਮਾਹੌਲ ਵਿੱਚ ਰਾਸ਼ਟਰਪਤੀ ਰਾਜ ਲਾਉਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਬਚਦਾ।
ਮੁੱਖ ਮੰਤਰੀ ਦਾ ਮੋੜਵਾਂ ਜਵਾਬ: ਰਾਜਪਾਲ ਦੀ ਇਸ ਚਿਤਾਵਨੀ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੈਦਾਨ ਵਿੱਚ ਉਤਰ ਆਏ ਅਤੇ ਕਰਾਰਾ ਜਵਾਬ ਚਿਤਾਵਨੀ ਦਾ ਦਿੱਤਾ। ਸੀਐੱਮ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਰਾਜਪਾਲ ਨੂੰ ਸਾਰੇ ਇਸ਼ਾਰੇ ਹਾਈਕਮਾਂਡ ਤੋਂ ਆ ਰਹੇ ਹਨ ਕਿਉਂਕਿ ਪੰਜਾਬ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਨਾਲ ਲੋਕ ਜੰਗੀ ਪੱਧਰ ਉੱਤੇ ਜੁੜ ਰਹੇ ਹਨ। ਜਿਸ ਕਾਰਣ ਹੁਣ ਇਹ ਲੋਕ ਕੋਝੀਆਂ ਹਰਕਤਾਂ ਉੱਤੇ ਉਤਰ ਆਏ ਹਨ।
ਪੰਜਾਬ ਦਾ ਕੋਈ ਮੁੱਦਾ ਨਹੀਂ ਰੱਖਿਆ ਅੱਗੇ: ਸੀਐੱਮ ਮਾਨ ਨੇ ਕਿਹਾ ਪੰਜਾਬ ਦੇ ਰਾਜਪਾਲ ਨੇ ਰਿਪੋਰਟਾਂ ਮੰਗਣ ਦੀ ਰਾਜਨੀਤੀ ਤੋਂ ਇਲਾਵਾ ਸੂਬੇ ਲਈ ਬਣਦਾ ਫਰਜ਼ ਇੱਕ ਵਾਰ ਵੀ ਨਹੀਂ ਨਿਭਾਇਆ। ਸੀਐੱਮ ਮਾਨ ਮੁਤਾਬਿਕ ਪੰਜਾਬ ਵਿੱਚ ਕਰਜ਼ੇ ਦਾ ਮੁੱਦਾ,ਕਿਸਾਨੀ ਦਾ ਮੁੱਦਾ,ਹੜ੍ਹ ਪ੍ਰਭਾਵਿਤ ਲੋਕਾਂ ਲਈ ਵਿਸ਼ੇਸ਼ ਪੈਕੇਜ ਦੀ ਮੰਗ ਤੋਂ ਇਲਾਵਾ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੁੱਦੇ ਨੂੰ ਅੱਜ ਤੱਕ ਸੂਬੇ ਦੇ ਰਾਜਪਾਲ ਨੇ ਕਿਸ ਕੋਲ ਨਹੀਂ ਰੱਖਿਆ ਅਤੇ ਹੁਣ ਇਹ ਰਾਸ਼ਟਰਪਤੀ ਸ਼ਾਸਨ ਲਾਉਣ ਦੀਆਂ ਗੱਲਾਂ ਕਰਕੇ ਚਿਤਾਵਨੀਆਂ ਦੇ ਰਹੇ ਹਨ।
ਸਰਕਾਰ ਨੂੰ ਨਹੀਂ, ਇਹ ਚਿਤਾਵਨੀ ਪੰਜਾਬੀਆਂ ਲਈ:ਸੀਐੱਮ ਮਾਨ ਨੇ ਅੱਗੇ ਕਿਹਾ ਕਿ ਅੱਜ ਪੰਜਾਬ ਵਿੱਚ ਸਾਰੇ ਵਿਕਾਸ ਦੇ ਕਾਰਜ ਜ਼ੋਰਾਂ ਉੱਤੇ ਹਨ ਅਤੇ ਸੂਬੇ ਹਰ ਪਾਸਿਓਂ ਤਰੱਕੀ ਹੋ ਰਹੀ ਹੈ। ਪੰਜਾਬ ਅਤੇ ਦਿੱਲੀ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸ਼ਾਨਦਾਰ ਪ੍ਰਸ਼ਾਸਨ ਦੀ ਚਰਚਾ ਦੇਸ਼ ਵਿੱਚ ਹਰ ਪਾਸੇ ਹੈ ਜੋ ਭਾਜਪਾ ਪਚਾ ਨਹੀਂ ਪਾ ਰਹੀ। ਜੇਕਰ ਪੰਜਾਬੀਆਂ ਲਈ ਹੁਣ ਚੰਗੇ ਦਿਨ ਆਏ ਹਨ ਤਾਂ ਇਹ ਪੰਜਾਬ ਨੂੰ ਦਬਾਉਣ ਉੱਤੇ ਉਤਰ ਆਏ ਨੇ ਅਤੇ ਰਾਸ਼ਟਰਪਤੀ ਲਾਉਣ ਦੇ ਨੋਟਿਸ ਘੱਲ ਕੇ ਪੰਜਾਬ ਨੂੰ ਸਿੱਧੇ ਤੌਰ ਉੱਤੇ ਦਬਾਉਣਾ ਚਾਹੁੰਦੇ ਹਨ।
ਹਿੰਸਾ ਉੱਤੇ ਚੁੱਪ ਹਨ ਰਾਜਪਾਲ: ਨੂਹ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਦੰਗੇ ਹੋਏ। ਹਰਿਆਣਾ ਵਿੱਚ ਸ਼ਰੇਆਮ ਕਤਲੋਗਾਰਤ ਹੋਈ, ਪਰ ਰਾਜਪਾਲ ਨੇ ਇੱਕ ਵਾਰ ਵੀ ਕੋਈ ਨੋਟਿਸ ਭੇਜ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਕੋਈ ਜਵਾਬ ਨਹੀਂ ਮੰਗਿਆ ਅਤੇ ਪੰਜਾਬ ਵਿੱਚ ਲੱਖ ਦਰਜੇ ਮਾਹੌਲ ਖੁਸ਼ਗਵਾਰ ਹੋਣ ਦੇ ਬਾਵਜੂਦ ਰਾਸ਼ਟਰਪਤੀ ਰਾਜ ਲਾਉਣ ਦੀਆਂ ਗੱਲਾਂ ਰਾਜਪਾਲ ਕਰਦੇ ਹਨ।