ਚੰਡੀਗੜ੍ਹ : ਦੇਸ਼ ਭਰਾ 'ਚ ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰੱਖੜੀ ਮਨਾਇਆ ਜਾ ਰਿਹਾ ਹੈ। ਅੱਜ ਦੇ ਦਿਨ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹ ਰਹੀਆਂ ਹਨ। ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਸੂਬੇ ਦੇ ਲੋਕਾਂ ਨੂੰ ਇਸ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਹਨ। ਜਿਸ 'ਚ ਮੁੱਖ ਮੰਤਰੀ ਵਲੋਂ ਸੂਬੇ ਦੇ ਲੋਕਾਂ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਵਧਾਈ ਸੰਦੇਸ਼ ਦਿੱਤਾ ਹੈ।
ਮੁੱਖ ਮੰਤਰੀ ਨੇ ਦਿੱਤੀ ਵਧਾਈ:ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਵਧਾਈ ਦਿੰਦਿਆਂ ਲਿਖਿਆ ਕਿ “ਇਹਨੂੰ ਧਾਗਾ ਨਾ ਸਮਝੋ, ਇਹ ਤਾਂ ਨੇ ਮੋਹ ਦੀਆਂ ਤੰਦਾਂ…ਆਉਣ ਭੈਣ-ਭਾਈ ਦੇ ਪਿਆਰ ਦੀਆਂ, ਇਸ ਧਾਗੇ ਵਿੱਚੋਂ ਸੁਗੰਧਾ”..ਭੈਣ ਭਰਾ ਦੇ ਅਟੁੱਟ ਰਿਸ਼ਤੇ ਦਾ ਬੰਧਨ ਰੱਖੜੀ ਦਾ ਤਿਓਹਾਰ…ਦੇਸ਼ ਵਿਦੇਸ਼ਾਂ ‘ਚ ਵੱਸਦੇ ਸਾਰੇ ਭੈਣ ਭਰਾਵਾਂ ਨੂੰ ਖਾਸ ਦਿਨ ਦੀਆਂ ਦਿਲੋਂ ਵਧਾਈਆਂ…ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਸਾਰੇ ਭੈਣ ਭਰਾ ਤੰਦਰੁਸਤ ਤੇ ਸਲਾਮਤ ਰਹਿਣ ਤੇ ਆਪਸੀ ਪਿਆਰ ਬਣਿਆ ਰਹੇ।
ਸਕੂਲਾਂ ਤੇ ਦਫ਼ਤਰਾਂ ਦਾ ਸਮਾਂ: ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਅਤੇ ਆਪਣੇ ਮੁਲਾਜ਼ਮਾਂ ਨੂੰ ਵੀ ਇਸ ਪਵਿੱਤਰ ਦਿਨ 'ਤੇ ਰਾਹਤ ਦਿੱਤੀ ਹੈ। ਜਿਸ 'ਚ ਸਕੂਲ ਜੋ ਸਵੇਰੇ 8 ਵਜੇ ਲੱਗਦੇ ਸੀ, ਉਹ ਅੱਜ ਦੋ ਘੰਟੇ ਦੇਰੀ ਨਾਲ 10 ਵਜੇ ਖੁੱਲ੍ਹੇ ਹਨ। ਜਦਕਿ ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਵੀ ਬਦਲਿਆ ਗਿਆ ਤੇ ਜੋ ਸਰਕਾਰੀ ਦਫ਼ਤਰਾਂ 'ਚ ਕੰਮ ਕਰਨ ਦਾ ਸਮਾਂ 9 ਵਜੇ ਸ਼ੁਰੂ ਹੁੰਦਾ ਸੀ, ਉਹ ਅੱਜ 11 ਵਜੇ ਸ਼ੁਰੂ ਹੋਇਆ ਹੈ। ਜਿਸ ਤੋਂ ਭਾਵ ਕਿ ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਦਫ਼ਤਰਾਂ, ਦੋਵਾਂ ਦੇ ਸਮੇਂ ਵਿੱਚ 2-2 ਘੰਟੇ ਦੀ ਵਾਧੂ ਛੋਟ ਦਿੱਤੀ ਹੈ। ਅੱਜ ਤੋਂ ਮਗਰੋਂ ਸਕੂਲ ਅਤੇ ਦਫ਼ਤਰ ਪਹਿਲਾਂ ਤੋਂ ਨਿਰਧਾਰਿਤ ਸਮੇਂ ਮੁਤਾਬਿਕ ਹੀ ਲੱਗਣਗੇ।
ਮਹਿਲਾਵਾਂ ਨੂੰ ਰੱਖੜੀ ਦਾ ਤੋਹਫ਼ਾ: ਇਸ ਦੇ ਨਾਲ ਹੀ, ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੱਖੜੀ ਦੇ ਤਿਉਹਾਰ ਮੌਕੇ 'ਤੇ ਮਹਿਲਾਵਾਂ ਨੂੰ ਨੌਕਰੀ ਦਾ ਤੋਹਫ਼ਾ ਦਿੱਤਾ ਜਾ ਰਿਹਾ ਹੈ। ਜਿਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬਾਅਦ ਦੁਪਿਹਰ ਦੋ ਵਜੇ ਅੱਜ ਸੂਬਾ ਪੱਧਰੀ ਸਮਾਗਮ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਸ਼ੁਰੂਆਤ ਕੀਤੀ ਜਾਵੇਗੀ। ਕਾਬਿਲੇਗੌਰ ਹੈ ਕਿ ਪਿਛਲੇ ਸਾਲ ਮੁੱਖ ਮੰਤਰੀ ਨੇ ਰੱਖੜੀ ਵਾਲੇ ਦਿਨ ਨਵੀਆਂ ਭਰਤੀਆਂ ਦਾ ਐਲਾਨ ਕੀਤਾ ਸੀ।