ਚੰਡੀਗੜ੍ਹ:ਅਜਨਾਲਾ ਵਿੱਚ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੇ ਐਕਸ਼ਨ ਤੋਂ ਬਾਅਦ ਜਿੱਥੇ ਪੂਰੇ ਭਾਰਤ ਵਿੱਚ ਇਸ ਦੀ ਚਰਚਾ ਹੋ ਰਹੀ ਅਤੇ ਪੰਜਾਬ ਸਰਕਾਰ ਦੀ ਅੰਮ੍ਰਿਤਪਾਲ ਦੇ ਐਕਸ਼ਨ ਲਈ ਵਿਰੋਧੀ ਕਿਰਕਿਰੀ ਕਰ ਰਹੇ ਨੇ ਇਸ ਸਭ ਦੇ ਵਿਚਾਲੇ ਸੂਬੇ ਦੇ ਮੁੱਖ ਮੰਤਰੀ ਨੇ ਮਾਮਲੇ ਉੱਤੇ ਆਪਣੀ ਚੁੱਪੀ ਤੋੜੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਅੰਮ੍ਰਿਤਪਾਲ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਭ ਨੂੰ ਢਾਲ ਬਣਾ ਕੇ ਥਾਣਿਆਂ ਵਿੱਚ ਦਾਖਿਲ ਹੋਣ ਵਾਲੇ ਲੋਕ ਕਦੇ ਵੀ ਪੰਜਾਬ ਅਤੇ ਪੰਜਾਬੀਤ ਦੇ ਵਾਰਿਸ ਨਹੀਂ ਹੋ ਸਕਦੇ ।
ਕੀ ਸੀ ਮਾਮਲਾ: ਦੱਸ ਦਈਏਅਜਨਾਲਾ ਥਾਣੇ ਉੱਤੇ ਅੰਮ੍ਰਿਤਪਾਲ ਦੇ ਸਾਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਾਲਕੀ ਸਾਹਿਬ ਵਿੱਚ ਸਜਾ ਕੇ ਦਾਖਿਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦਾ ਥਾਣੇ ਵਿੱਚ ਦਾਖ਼ਿਲ ਹੋਣ ਦਾ ਮਕਸਦ ਲਵਪ੍ਰੀਤ ਸਿੰਘ ਤੂਫਾਨ ਦੀ ਰਿਹਾਈ ਸੀ। ਇਸ ਦੌਰਾਨ ਜਦੋਂ ਅੰਮ੍ਰਿਤਪਾਲ ਨੇ ਨਿਹੰਗ ਸਿੰਘਾਂ ਦੇ ਨਾਲ ਥਾਣੇ ਉੱਤੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਤਿੱਖੀ ਝੜਪ ਵੀ ਹੋਈ ਅਤੇ ਇਸ ਝੜਪ ਦੌਰਾਨ ਕਈ ਪੁਲਿਸ ਮੁਲਾਜ਼ਮ ਦੀਆਂ ਪੱਗਾਂ ਲੱਥੀਆਂ ਅਤੇ ਕਈ ਗੰਭੀਰ ਜ਼ਖ਼ਮੀ ਹੋਏ। ਅੰਮ੍ਰਿਤਪਾਲ ਨੇ ਕਿਹਾ ਸੀ ਕਿ ਉਨ੍ਹਾਂ ਦੇ ਸਾਥੀ ਲਵਪ੍ਰੀਤ ਤੂਫਾਨ ਸਿੰਘ 'ਤੇ ਗ੍ਰਿਫਤਾਰੀ ਕਰਕੇ ਤਸ਼ੱਦਦ ਕੀਤਾ ਗਿਆ ਹੈ। ਉਸ ਦੇ ਖ਼ਿਲਾਫ ਇਹ ਸਾਰਾ ਕਾਫਲਾ ਅਜਨਾਲੇ ਥਾਣੇ ਦਾ ਘਿਰਾਓ ਅਤੇ ਗ੍ਰਿਫਤਾਰੀਆਂ ਦੇਣ ਲਈ ਆਇਆ ਸੀ। ਇਸ ਦੌਰਾਨ ਨਿਹੰਗ ਸਿੱਖਾਂ ਨੇ ਥਾਣੇ ਅੰਦਰ ਵੜ ਕੇ ਪੁਲਿਸ ਉੱਤੇ ਹਮਲਾ ਕਰ ਦਿੱਤਾ, ਜਿਸ ਵਿੱਚ ਕਈ ਪੁਲਿਸ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀ ਹੋ ਗਏ।