ਚੰਡੀਗੜ੍ਹ:ਬੀਤੇ ਕੁੱਝ ਦਿਨਾਂ ਤੋਂ ਪਏ ਬੇਮੌਸਮੇ ਮੀਂਹ ਨੇ ਕਿਸਾਨਾਂ ਦੀਆਂ ਖੜ੍ਹੀਆਂ ਫ਼ਸਲਾਂ ਖਰਾਬ ਕਰ ਦਿੱਤੀਆਂ ਹਨ। ਕੁੱਝ ਕਿਸਾਨ ਦੁੱਖੀ ਹੋ ਕੇ ਖੁਦ ਹੀ ਆਪਣੀ ਫਸਲ ਵਾਹੁਣ ਲਈ ਮਜ਼ਬੂਰ ਹੋ ਗਏ ਹਨ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਫ਼ਸਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਸਾਨਾਂ ਲਈ ਐਲਾਨ ਕੀਤੇ ਹਨ।
ਮੁਆਵਜ਼ਾ ਰਾਸ਼ੀ 'ਚ ਵਾਧਾ: ਮੁੱਖ ਮੰਤਰੀ ਮਾਨ ਨੇ ਐਲਾਨ ਕਰਦਿਆ ਕਿਹਾ ਕਿ ਹੁਣ ਪੁਰਾਣਾ ਸਿਸਟਮ ਨਹੀਂ ਰਹੇਗਾ। ਹੁਣ 75 ਫ਼ੀਸਦੀ ਤੋਂ 100 ਫ਼ੀਸਦੀ ਤੱਕ ਜਿੰਨਾ ਵੀ ਨੁਕਸਾਨ ਦਾ ਫਸਲ ਦਾ ਹੋਇਆ ਹੋਵੇਗਾ, ਉਸ ਦਾ 15 ਹਜ਼ਾਰ ਰੁਪਏ ਪ੍ਰਤੀ ਏਕੜ, ਯਾਨੀ 25 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ, ਸੀਐਮ ਮਾਨ ਨੇ ਕਿਹਾ ਕਿ 33 ਤੋਂ 75 ਫ਼ੀਸਦੀ ਤੱਕ ਜਿਹੜਾ ਪਹਿਲਾਂ 5400 ਮੁਆਵਜ਼ਾ ਮਿਲਦਾ ਸੀ, ਉਸ ਵਿੱਚ 25 ਫ਼ੀਸਦੀ ਵਾਧਾ ਕਰਦੇ ਹੋਏ, ਹੁਣ 6, 750 ਰੁਪਏ ਦਿੱਤੇ ਜਾਣਗੇ।
ਇਸ ਤੋਂ ਇਲਾਵਾ, ਪਹਿਲਾਂ 26 ਤੋਂ 33 ਫ਼ੀਸਦੀ ਫ਼ਸਲ ਨੁਕਸਾਨ ਲਈ ਜੋ ਮੁਆਵਜ਼ਾ ਦਿੱਤਾ ਜਾਂਦਾ ਸੀ, ਉਸ ਨੂੰ 20 ਤੋਂ 33 ਫੀਸਦੀ ਕਰ ਦਿੱਤਾ ਗਿਆ ਹੈ। ਮਾਨ ਨੇ ਕਿਹਾ ਕਿ ਇਸ ਨਾਲ ਕਿਸੇ ਦਾ ਇੱਕ ਏਕੜ ਚੋਂ ਇਕ ਵਿਘਾ ਵੀ ਨੁਕਸਾਨ ਹੋ ਗਿਆ, ਤਾਂ ਉਸ ਨੂੰ ਮੁਆਵਜ਼ਾ ਮਿਲੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰਾਂ ਨੂੰ ਇਕ ਹਫ਼ਤੇ ਅੰਦਰ ਗਿਰਦਾਵਰੀ ਕਰਨ ਦੇ ਹੁਕਮ ਦਿੱਤੇ ਗਏ ਹਨ।
ਠੇਕੇ ਉੱਤੇ ਖੇਤੀ ਕਰਨ ਵਾਲਿਆਂ ਲਈ ਵੀ ਖੁਸ਼ਖਬਰੀ: ਜਿਹੜਾ ਵੀ ਪਟਵਾਰੀ, ਉੱਚ ਅਧਿਕਾਰੀ ਜਾਂ ਕੋਈ ਅਫ਼ਸਰ ਗਿਰਦਾਵਰੀ ਕਰਨ ਜਾਵੇਗਾ, ਤਾਂ ਉਹ ਕਿਸੇ ਖ਼ਾਸ ਬੰਦੇ ਦੇ ਘਰ 'ਚ ਨਹੀਂ ਬੈਠੇਗਾ। ਇਸ ਦਾ ਐਲਾਨ ਗੁਰਦੁਆਰਾ ਸਾਹਿਬ 'ਚ ਹੋਵੇਗੀ ਅਤੇ ਸਾਰਾ ਪਿੰਡ ਆਪੋਂ ਆਪਣੇ ਖੇਤ ਦਿਖਾਵੇਗਾ ਅਤੇ ਉਹੀ ਲਿਖਿਆ ਜਾਵੇਗਾ। ਸ਼ਾਮ ਨੂੰ ਗਿਰਦਾਵਰੀ ਵਿੱਚ ਲਿਖਿਆ ਸਭ ਕੁੱਝ ਪੜ੍ਹ ਕੇ ਸੁਣਾਇਆ ਜਾਵੇ ਅਤੇ ਹੇਠਾਂ ਮੋਹਤਬਰ ਲੋਕਾਂ ਦੇ ਦਸਤਖ਼ਤ ਕਰਵਾਏ ਜਾਣ। ਇਸ ਦੇ ਕੁੱਝ ਦਿਨਾਂ ਬਾਅਦ ਪੈਸੇ ਪੀੜਤ ਕਿਸਾਨਾਂ ਦੇ ਖ਼ਾਤਿਆਂ ਵਿੱਚ ਪਾ ਦਿੱਤੇ ਜਾਣਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਠੇਕੇ ਉੱਤੇ ਖੇਤੀ ਕਰਨ ਵਾਲਿਆਂ ਨੂੰ ਪਹਿਲਾਂ ਫ਼ਸਲ ਦੀ ਖ਼ਰਾਬੀ ਲਈ ਕੋਈ ਮੁਆਵਜ਼ਾ ਨਹੀਂ ਮਿਲਦਾ ਸੀ ਤੇ ਜਿਸ ਦੇ ਨਾਂਅ 'ਤੇ ਰਜਿਸਟਰੀ ਹੁੰਦੀ ਸੀ, ਉਸ ਦੇ ਖ਼ਾਤੇ ਵਿੱਚ ਪੈਸੇ ਪਾ ਦਿੱਤੇ ਜਾਂਦੇ ਸਨ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਉਸੇ ਕਿਸਾਨ ਦੇ ਅਕਾਉਂਟ ਵਿੱਚ ਪੈਸੇ ਪਾਏ ਜਾਣਗੇ, ਜੋ ਉਸ ਵੇਲ੍ਹੇ ਜ਼ਮੀਨ ਉੱਤੇ ਖੇਤੀ ਕਰ ਰਿਹਾ ਹੋਵੇਗਾ। ਯਾਨੀ ਕਿ ਕਾਸ਼ਤਕਾਰ ਨੂੰ ਹੀ ਪੈਸੇ ਦਿੱਤੇ ਜਾਣਗੇ।
ਜਿਨ੍ਹਾਂ ਦੇ ਘਰ ਨੁਕਸਾਨੇ ਗਏ, ਉਨ੍ਹਾਂ ਦੇ ਨਵੇਂ ਘਰ ਬਣਵਾਏਗੀ ਸਰਕਾਰ:ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਘਰ ਪਾ ਕੇ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ, ਦਿਹਾੜੀਦਾਰ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਹੌਂਸਲਾ ਰੱਖਣ ਲਈ ਕਿਹਾ ਹੈ ਅਤੇ ਇਹ ਵੀ ਕਿਹਾ ਕਿ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਅੰਨਦਾਤੇ ਦੀਆਂ ਅੱਖਾਂ ਵਿੱਚ ਅਸੀਂ ਹੰਝੂ ਨਹੀਂ ਦੇਖ ਸਕਦੇ। ਇਹ ਮੁਆਵਜ਼ਾ ਬਹੁਤ ਜਲਦੀ ਕਿਸਾਨਾਂ ਨੂੰ ਮਿਲ ਜਾਵੇਗਾ।
ਇਹ ਵੀ ਪੜ੍ਹੋ:ਅਸ਼ੀਰਵਾਦ ਸਕੀਮ ਤਹਿਤ 13409 ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਲਈ 68.38 ਕਰੋੜ ਰੁਪਏ ਦੀ ਰਕਮ ਜਾਰੀ: ਡਾ. ਬਲਜੀਤ ਕੌਰ