ਚੰਡੀਗੜ੍ਹ: ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਸੱਤਾ ਸਾਂਭਦੇ ਹੀ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਜਿਸ ਦੇ ਚੱਲਦੇ ਸਰਕਾਰ ਦੇ ਡੇਢ ਸਾਲ ਤੋਂ ਵੱਧ ਦੇ ਸਮੇਂ 'ਚ ਸਰਕਾਰ ਹਜ਼ਾਰਾਂ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਚੁੱਕੀ ਹੈ। ਹੁਣ ਪੰਜਾਬ ਦੀ ਮਾਨ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਦਿਵਾਲੀ ਮੌਕੇ ਤੋਹਫ਼ਾ ਦੇਣ ਦੀ ਤਿਆਰੀ ਕਰ ਲਈ ਹੈ। ਜਿਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਮਾਨ ਸਰਕਾਰ ਨੇ ਪੁਲਿਸ ਮਹਿਕਮੇ 'ਚ 1450 ਨਵੀਆਂ ਅਸਾਮੀਆਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਪੰਜਾਬ ਪੁਲਿਸ ਵਿਭਾਗ 'ਚ ਅਸਾਮੀਆਂ ਭਰਨ ਨੂੰ ਝੰਡੀ: ਇਸ ਸਬੰਧੀ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਕਿ, "ਦੀਵਾਲੀ ਮੌਕੇ ਤੁਹਾਡੀ ਸਰਕਾਰ ਵੱਲੋਂ ਇੱਕ ਹੋਰ ਤੋਹਫ਼ਾ...ਅੱਜ ਪੁਲਿਸ ਵਿਭਾਗ 'ਚ 1450 ਨਵੀਆਂ ਅਸਾਮੀਆਂ ਕੱਢ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਪ੍ਰਵਾਨਗੀ ਦਿੱਤੀ...ਜਿਸਦੇ ਵੇਰਵੇ ਜਲਦ ਸਾਂਝੇ ਕਰਾਂਗੇ...ਸਾਡੀ ਸਰਕਾਰ ਦਾ ਮਕਸਦ ਰੰਗਲਾ ਪੰਜਾਬ ਬਣਾਉਣਾ ਹੈ, ਜਿਸ ਵਿੱਚ ਨੌਜਵਾਨਾਂ ਦੀ ਭੂਮਿਕਾ ਸੱਭ ਤੋਂ ਅਹਿਮ ਹੈ ਤੇ ਇਹ ਸੁਪਨਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਨਾਲ ਹੀ ਪੂਰਾ ਹੋ ਸਕਦਾ ਹੈ।